੧੦੮
ਵੈਰੀਆਂ ਦੇ ਵਿਰੁੱਧ ਸਹਾਇਤਾ ਦੇ ਲਈ ਪ੍ਰਾਰਥਨਾ 
(ਜ਼ਬੂਰ 57:7-11, 60:5-12) 
ਗੀਤ । ਦਾਊਦ ਦਾ ਭਜਨ 
 ੧ ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮਾਂ ਗਾਵਾਂਗਾ, ਹਾਂ, ਮੈਂ ਆਪਣੇ ਪਰਤਾਪ ਸਣੇ ਭਜਨ ਕੀਰਤਨ ਕਰਾਂਗਾ !  ੨ ਹੇ ਸਤਾਰ ਤੇ ਬਰਬਤ, ਜਾਗੋ, ਮੈਂ ਫਜਰ ਨੂੰ ਵੀ ਜਗਾ ਦਿਆਂਗਾ !  ੩ ਹੇ ਯਹੋਵਾਹ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਅਤੇ ਉੱਮਤਾਂ ਵਿੱਚ ਤੇਰੇ ਭਜਨ ਕੀਰਤਨ ਕਰਾਂਗਾ ।  ੪ ਤੇਰੀ ਦਯਾ ਤਾਂ ਅਕਾਸ਼ਾਂ ਤੋਂ ਉੱਚੀ ਤੇ ਵੱਡੀ ਹੈ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ !  ੫ ਹੇ ਪਰਮੇਸ਼ੁਰ, ਅਕਾਸ਼ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ ! ।  ੬ ਤਾਂ ਜੋ ਤੇਰੇ ਪ੍ਰੀਤਮ ਛੁਡਾਏ ਜਾਣ, ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ ।  ੭ ਪਰਮੇਸ਼ੁਰ ਆਪਣੀ ਪਵਿੱਤਰਤਾਈ ਨਾਲ ਬਚਨ ਕੀਤਾ ਹੈ, ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ਕਮ ਨੂੰ ਵੰਡਾਂਗਾ, ਮੈਂ ਸੁੱਕੋਥ ਦੀ ਦੂਣ ਨੂੰ ਮਿਣਾਂਗਾ ।  ੮ ਗਿਲਆਦ ਮੇਰਾ ਹੈ, ਮਨੱਸ਼ਹ ਵੀ, ਅਤੇ ਇਫਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ,  ੯ ਮੋਆਬ ਮੇਰੀ ਚਿਲਮਚੀ ਹੈ, ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, ਫ਼ਲਿਸਤ ਉੱਤੇ ਮੈਂ ਨਾਰਾ ਮਾਰਾਂਗਾ ।  ੧੦ ਕੌਣ ਮੈਨੂੰ ਉਸ ਫ਼ਸੀਲਦਾਰ ਸ਼ਹਿਰ ਵਿੱਚ ਲੈ ਜਾਵੇਗਾ ? ਕੌਣ ਅਦੋਮ ਤੱਕ ਮੇਰੀ ਅਗਵਾਈ ਕਰੇਗਾ ?  ੧੧ ਹੇ ਪਰਮੇਸ਼ੁਰ, ਕੀ ਤੂੰ ਸਾਨੂੰ ਤਿਆਗ ਨਹੀਂ ਦਿੱਤਾ, ਕਿ ਤੂੰ, ਹੇ ਪਰਮੇਸ਼ੁਰ, ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ ?  ੧੨ ਵਿਰੋਧੀ ਤੋਂ ਸਾਡੀ ਸਹਾਇਤਾ ਕਰ, ਕਿਉਂ ਜੋ ਆਦਮੀ ਦਾ ਬਚਾਓ ਵਿਅਰਥ ਹੈ ।  ੧੩ ਪਰਮੇਸ਼ੁਰ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ ! ।