ਪੰਜਵਾਂ ਭਾਗ 
 ੧੦੭
ਜ਼ਬੂਰ 107—150 
ਸੰਕਟ ਤੋਂ ਛੁਟਕਾਰਾ 
 ੧ ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕ ਹੈ !  ੨ ਯਹੋਵਾਹ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ ।  ੩ ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ, ਚੜ੍ਹਦਿਓਂ, ਲਹਿੰਦਿਓਂ, ਉੱਤਰੋਂ ਤੇ ਦੱਖਣੋਂ ।  ੪ ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ ।  ੫ ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਾਢਾਲ ਸਨ ।  ੬ ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ ।  ੭ ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ, ਕਿ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚੱਲੇ ਜਾਣ ।  ੮ ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !  ੯ ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ ।  ੧੦ ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ,  ੧੧ ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਤਾ,  ੧੨ ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ,  ੧੩ ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਬਚਾਇਆ ।  ੧੪ ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ ।  ੧੫ ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !  ੧੬ ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ, ਤੇ ਲੋਹੇ ਦੇ ਅਰਲਾਂ ਦੇ ਟੋਟੇ-ਟੋਟੇ ਕਰ ਦਿੱਤੇ ।  ੧੭ ਮੂਰਖ ਆਪਣੇ ਕੁਚਲਣ ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ,  ੧੮ ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ ।  ੧੯ ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਉਹ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਬਚਾਉਂਦਾ ਹੈ ।  ੨੦ ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ ।  ੨੧ ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !  ੨੨ ਓਹ ਧੰਨਵਾਦ ਦੇ ਬਲੀਦਾਨ ਚੜਾਉਣ, ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ ।  ੨੩ ਜਿਹੜੇ ਜ਼ਹਾਜਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ,  ੨੪ ਓਹ ਯਹੋਵਾਹ ਦੇ ਕੰਮਾਂ ਨੂੰ, ਅਤੇ ਉਹ ਦੇ ਅਚਰਜਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ ।  ੨੫ ਉਹ ਹੁਕਮ ਦੇ ਕੇ ਤੁਫਾਨ ਵਗਾਉਂਦਾ ਹੈ, ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ ।  ੨੬ ਓਹ ਅਕਾਸ਼ ਤੱਕ ਚੜ੍ਹ ਜਾਂਦੇ, ਓਹ ਡੂੰਘਾਣ ਵਿੱਚ ਆਣ ਪੈਂਦੇ ਹਨ, ਉਨ੍ਹਾਂ ਦਾ ਜੀਅ ਦੁੱਖ ਦੇ ਕਾਰਨ ਢਲ ਜਾਂਦਾ ਹੈ,  ੨੭ ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਗੂੰ ਡਿੱਗਦੇ ਢਾਹਿੰਦੇ ਹਨ, ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ ।  ੨੮ ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿਚੋਂ ਉਨ੍ਹਾਂ ਨੂੰ ਕੱਢ ਲਿਆਉਂਦਾ ਹੈ ।  ੨੯ ਓਹ ਤੂਫਾਨ ਨੂੰ ਥੰਮ੍ਹਾ ਦਿੰਦਾ ਹੈ, ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ ।  ੩੦ ਤਾਂ ਓਹ ਉਸ ਦੇ ਥੰਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ ਹਨ, ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪੁਚਾ ਦਿੰਦਾ ਹੈ ।  ੩੧ ਕਾਸ਼ ਕਿ ਓਹ ਯਹੋਵਾਹ ਦੇ ਲਈ ਉਹ ਦੀ ਦਯਾ ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ !  ੩੨ ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ, ਅਤੇ ਬਜੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ ਕਰਨ ।  ੩੩ ਉਹ ਨਦੀਆਂ ਨੂੰ ਉਜਾੜ, ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ ਦਿੰਦਾ ਹੈ,  ੩੪ ਉਸ ਦੇ ਵਾਸੀਆਂ ਦੀ ਬੁਰਾਈ ਦੇ ਕਾਰਨ, ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ ।  ੩੫ ਉਹ ਉਜਾੜ ਨੂੰ ਝੀਲ, ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ,  ੩੬ ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ, ਕਿ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ,  ੩੭ ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ ਲਾਉਣ, ਅਤੇ ਢੇਰ ਸਾਰੀ ਪੈਦਾਵਾਰ ਲੈਣ ।  ੩੮ ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ ਹਨ, ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ ।  ੩੯ ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ, ਓਹ ਘੱਟ ਜਾਂਦੇ ਅਤੇ ਨਿਉਂਦੇ ਹਨ ।  ੪੦ ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੂਆਂਉਂਦਾ ਹੈ ।  ੪੧ ਪਰ ਉਹ ਕੰਗਾਲ ਨੂੰ ਦੁੱਖ ਵਿਚੋਂ ਉਤਾਹਾਂ ਬਿਠਾਉਂਦਾ ਹੈ, ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ ।  ੪੨ ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ, ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ ।  ੪੩ ਜੋ ਕੋਈ ਬੁੱਧਵਾਨ ਹੈ ਉਹ ਏਹਨਾਂ ਗੱਲਾਂ ਨੂੰ ਮੰਨੇਗਾ, ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ ।