੬
ਪਾਪ ਦੇ ਲਈ ਮੁਰਦੇ, ਮਸੀਹ ਦੇ ਲਈ ਜਿਉਂਦੇ 
 ੧ ਹੁਣ ਅਸੀਂ ਕੀ ਆਖੀਏ ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਕਿ ਕਿਰਪਾ ਬਹੁਤੀ ਹੋਵੇ ?  ੨ ਕਦੇ ਨਹੀਂ ! ਅਸੀਂ ਜੋ ਪਾਪ ਦੇ ਵੱਲੋਂ ਮਰ ਗਏ, ਤਾਂ ਹੁਣ ਅੱਗੇ ਤੋਂ ਉਸ ਵਿੱਚ ਜੀਵਨ ਕਿਉਂ ਬਤੀਤ ਕਰੀਏ ? ।  ੩ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ ?  ੪ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ । 
 ੫ ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ ।  ੬ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ ।  ੭ ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ ।  ੮ ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ ।  ੯ ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ ।  ੧੦ ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ ।  ੧੧ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ । 
 ੧੨ ਹੁਣ ਫੇਰ ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ ਨਾ ਕਰੇ, ਜੋ ਤੁਸੀਂ ਉਸ ਦੀਆਂ ਬੁਰੀਆਂ ਕਾਮਨਾਵਾਂ ਦੇ ਅਧੀਨ ਹੋਵੋ ।  ੧੩ ਅਤੇ ਨਾ ਆਪਣੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਸਮਝ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗਾਂ ਨੂੰ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ ।  ੧੪ ਜੋ ਤੁਹਾਡੇ ਉੱਤੇ ਪਾਪ ਦਾ ਜੋਰ ਨਾ ਚੱਲੇਗਾ ਕਿਉਂਕਿ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹੋ । 
ਧਾਰਮਿਕਤਾ ਦੇ ਦਾਸ 
 ੧੫ ਤਾਂ ਫੇਰ ਕੀ ? ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਬਿਵਸਥਾ ਦੇ ਅਧੀਨ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ ? ਕਦੇ ਨਹੀਂ !  ੧੬ ਭਲਾ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਆਗਿਆ ਮੰਨਣ ਲਈ ਜਿਹ ਦੇ ਹੱਥ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਜਿਸ ਦੀ ਆਗਿਆ ਮੰਨਦੇ ਹੋ, ਭਾਵੇਂ ਮੌਤ ਲਈ ਪਾਪ ਦੇ, ਭਾਵੇਂ ਧਾਰਮਿਕਤਾ ਲਈ ਆਗਿਆਕਾਰੀ ਦੇ ।  ੧੭ ਪਰ ਧੰਨਵਾਦ ਹੈ ਪਰਮੇਸ਼ੁਰ ਦਾ ਕਿ ਭਾਵੇਂ ਤੁਸੀਂ ਪਾਪ ਦੇ ਦਾਸ ਸੀ, ਪਰ ਜਿਸ ਸਿੱਖਿਆ ਦੇ ਸਾਂਚੇ ਵਿੱਚ ਢਾਲ਼ੇ ਗਏ ਤੁਸੀਂ ਮਨ ਤੋਂ ਉਹ ਦੇ ਆਗਿਆਕਾਰ ਹੋ ਗਏ ।  ੧੮ ਅਤੇ ਪਾਪ ਤੋਂ ਛੁੱਟ ਕੇ ਤੁਸੀਂ ਧਾਰਮਿਕਤਾ ਦੇ ਦਾਸ ਬਣ ਗਏ ।  ੧੯ ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ ਸੋ ਜਿਵੇਂ ਤੁਸੀਂ ਆਪਣੇ ਅੰਗਾਂ ਨੂੰ ਗੰਦ-ਮੰਦ ਅਤੇ ਕੁਧਰਮ ਸਗੋਂ ਅੱਤ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗਾਂ ਨੂੰ ਧਾਰਮਿਕਤਾ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ ।  ੨੦ ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਧਾਰਮਿਕਤਾ ਤੋਂ ਆਜ਼ਾਦ ਸੀ ।  ੨੧ ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਜਿਨ੍ਹਾਂ ਕਰਕੇ ਹੁਣ ਤੁਹਾਨੂੰ ਸ਼ਰਮ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਅੰਤ ਤਾਂ ਮੌਤ ਹੈ ?  ੨੨ ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਅੰਤ ਵਿੱਚ ਸਦੀਪਕ ਜੀਵਨ ਪਾਉਂਦੇ ਹੋ ।  ੨੩ ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਸਦੀਪਕ ਜੀਵਨ ਹੈ ।