੧੩੫
ਉਸਤਤ ਦਾ ਗੀਤ 
 ੧ ਹਲਲੂਯਾਹ ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ !  ੨ ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਖੜੇ ਰਹਿੰਦੇ ਹੋ,  ੩ ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਏਹ ਸੋਹਣਾ ਹੈ !  ੪ ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, ਅਤੇ ਇਸਰਾਏਲ ਨੂੰ ਆਪਣੀ ਖਾਸ ਮਿਲਖ ਲਈ ਚੁਣ ਲਿਆ ਹੈ ।  ੫ ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ ।  ੬ ਜੋ ਕੁੱਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਡੂੰਘਿਆਈਆਂ ਵਿੱਚ ਕੀਤਾ !  ੭ ਉਹ ਧਰਤੀ ਦੀਆਂ ਹੱਦਾਂ ਤੋਂ ਭਾਫ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,  ੮ ਜਿਸ ਨੇ ਮਿਸਰ ਦੇ ਜੇਠਿਆਂ ਨੂੰ ਮਾਰਿਆ, ਇਨਸਾਨ ਤੋਂ ਲੈ ਕੇ ਡੰਗਰ ਤੱਕ ।  ੯ ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, ਫਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ, —  ੧੦ ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,  ੧੧ ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਬਾਸ਼ਾਨ ਦੇ ਰਾਜੇ ਓਗ ਨੂੰ, ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ ।  ੧੨ ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿਤੇ ।  ੧੩ ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ !  ੧੪ ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ ।  ੧੫ ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।  ੧੬ ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪ੍ਰ ਓਹ ਵੇਖਦੇ ਨਹੀਂ,  ੧੭ ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਕੰਨ ਨਹੀਂ ਲਾਉਂਦੇ, — ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ !  ੧੮ ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ! ।  ੧੯ ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ !  ੨੦ ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ ਦੇ ਭੈ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ !  ੨੧ ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ, — ਹਲਲੂਯਾਹ ! ।