੧੨੧
ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ 
ਯਾਤਰਾ ਦਾ ਗੀਤ 
 ੧ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ ?  ੨ ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ ।  ੩ ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਘਲਾਵੇਗਾ,  ੪ ਵੇਖ, ਇਸਰਾਏਲ ਦਾ ਰਾਖਾ ਨਾ ਉਂਘਲਾਵੇਗਾ ਨਾ ਸੌਵੇਂਗਾ !  ੫ ਯਹੋਵਾਹ ਤੇਰਾ ਰਾਖਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ ।  ੬ ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ ।  ੭ ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ ।  ੮ ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ !