੧੧੦
ਪਰਮੇਸ਼ੁਰ ਅਤੇ ਉਸ ਦਾ ਚੁਣਿਆ ਹੋਇਆ ਰਾਜਾ 
ਦਾਊਦ ਦਾ ਭਜਨ 
 ੧ ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵਿਰੋਧੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ।  ੨ ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ ।  ੩ ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ ।  ੪ ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ ।  ੫ ਪ੍ਰਭੂ ਤੇਰੇ ਸੱਜੇ ਹੱਥ ਤੇ ਹੈ, ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ,  ੬ ਉਹ ਕੌਮਾਂ ਵਿੱਚ ਨਿਆਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ, ਉਹ ਖੋਪੜੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਵਿੰਨ੍ਹ ਸੁੱਟੇਗਾ ।  ੭ ਉਹ ਰਾਹ ਵਿੱਚ ਨਦੀ ਦੇ ਪਾਣੀ ਨੂੰ ਪੀਵੇਗਾ, ਤਾਂ ਹੀ ਉਹ ਸਿਰ ਉੱਚਾ ਕਰੇਗਾ ।