੬੪
ਗੁਪਤ ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ 
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ 
 ੧ ਹੇ ਪਰਮੇਸ਼ੁਰ, ਮੇਰੀ ਫਰਿਆਦ ਦੀ ਅਵਾਜ਼ ਸੁਣ, ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ ।  ੨ ਬਦਕਾਰਾਂ ਦੇ ਗੁਪਤ ਮਤੇ ਤੋਂ ਅਤੇ ਕੁਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ,  ੩ ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਗੂੰ ਤਿੱਖੀ ਕੀਤੀ ਹੈ ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ,  ੪ ਕਿ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ, ਓਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ ।  ੫ ਓਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜਿਆਂ ਕਰਦੇ ਹਨ, ਓਹ ਫੰਦੇ ਲੁਕਾਉਣ ਦਾ ਉਪਾਓ ਕਰਦੇ ਹਨ ਅਤੇ ਆਖਦੇ ਹਨ, ਭਲਾ, ਕੌਣ ਉਨ੍ਹਾਂ ਨੂੰ ਵੇਖੇਗਾ ?  ੬ ਓਹ ਸ਼ਰਾਰਤਾਂ ਨੂੰ ਭਾਲਦੇ ਹਨ, “ਅਸੀਂ ਇੱਕ ਪੱਕਾ ਖੋਜ ਕੱਢਿਆ ਹੈ !” ਅਤੇ ਹਰੇਕ ਦਾ ਅੰਦਰਲਾ ਦਿਲ ਡੂੰਘਾ ਹੈ ।  ੭ ਪਰ ਪਰਮੇਸ਼ੁਰ ਉਨ੍ਹਾਂ ਉੱਤੇ ਅਚਾਨਕ ਤੀਰ ਚਲਾਵੇਗਾ, ਓਹ ਫੱਟੜ ਹੋ ਜਾਣਗੇ,  ੮ ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, ਸਭ ਵੇਖਣ ਵਾਲੇ ਭੱਜ ਜਾਣਗੇ ।  ੯ ਸਾਰੇ ਆਦਮੀ ਡਰਨਗੇ, ਅਤੇ ਪਰਮੇਸ਼ੁਰ ਦਾ ਕੰਮ ਦੱਸਣਗੇ, ਅਤੇ ਉਹ ਦੇ ਕਾਰਜ ਉੱਤੇ ਧਿਆਨ ਕਰਨਗੇ ।  ੧੦ ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, ਅਤੇ ਉਸ ਦੀ ਸ਼ਰਨ ਆਵੇਗਾ, ਅਤੇ ਸਾਰੇ ਸਿੱਧੇ ਮਨ ਵਾਲੇ ਵਡਿਆਈ ਕਰਨਗੇ ।