੨੫
ਰਾਜਾ ਸੁਲੇਮਾਨ ਦੀਆਂ ਹੋਰ ਕਹਾਉਤਾਂ
੧ ਇਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨਾਂ ਦੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਮਨੁੱਖਾਂ ਨੇ ਨਕਲ ਕੀਤੀ, ੨ ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ । ੩ ਜਿਵੇਂ ਅਕਾਸ਼ ਦੀ ਉਚਿਆਈ ਅਤੇ ਧਰਤੀ ਦੀ ਡੂੰਘਿਆਈ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਰਾਜਿਆਂ ਦੇ ਮਨਾਂ ਨੂੰ ਨਹੀਂ ਜਾਣਿਆ ਜਾ ਸਕਦਾ । ੪ ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ । ੫ ਰਾਜੇ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਦੇ ਕੰਮ ਨਾਲ ਸਥਿਰ ਹੋ ਜਾਵੇਗੀ । ੬ ਰਾਜੇ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਖੜ੍ਹਾ ਨਾ ਹੋ, ੭ ਕਿਉਂ ਜੋ ਉਸ ਪ੍ਰਧਾਨ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ, ਭਈ ਤੈਨੂੰ ਆਖਿਆ ਜਾਵੇ ਐਧਰ ਉਤਾਹਾਂ ਆ ਜਾ, ਜਿਵੇਂ ਤੇਰੀਆਂ ਅੱਖਾਂ ਨੇ ਵੇਖਿਆ ਹੈ । ੮ ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਅੰਤ ਵਿੱਚ ਜਦ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤਾਂ ਤੂੰ ਕੀ ਕਰੇਂਗਾ ? ੯ ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਦੇ ਬਾਰੇ ਗੱਲਬਾਤ ਕਰ, ਅਤੇ ਇਸ ਭੇਤ ਨੂੰ ਕਿਸੇ ਦੂਜੇ ਉੱਤੇ ਨਾ ਖੋਲ੍ਹ, ੧੦ ਕਿਤੇ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਕਰੇ, ਅਤੇ ਤੇਰੀ ਬਦਨਾਮੀ ਕਦੇ ਨਾ ਮਿਟੇ । ੧੧ ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ । ੧੨ ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ । ੧੩ ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ । ੧੪ ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ, ਜਿਹ ਦੇ ਵਿੱਚ ਵਰਖਾ ਨਾ ਹੋਵੇ । ੧੫ ਧੀਰਜ ਨਾਲ ਹਾਕਮ ਸਹਿਮਤ ਹੋ ਜਾਂਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਵੀ ਭੰਨ ਸੁੱਟਦੀ ਹੈ । ੧੬ ਜੇ ਤੈਨੂੰ ਸ਼ਹਿਦ ਲੱਭਾ ਹੈ, ਤਾਂ ਜਿੰਨਾ ਤੈਨੂੰ ਲੋੜ ਹੈ ਓਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ । ੧੭ ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੇਰੇ ਤੋਂ ਨਫ਼ਰਤ ਕਰਨ ਲੱਗੇ । ੧੮ ਜਿਹੜਾ ਆਪਣੇ ਗੁਆਂਢੀ ਦੇ ਵਿਰੋਧ ਵਿੱਚ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ । ੧੯ ਬਿਪਤਾ ਦੇ ਵੇਲੇ ਧੋਖੇਬਾਜ਼ ਮਨੁੱਖ ਉੱਤੇ ਭਰੋਸਾ ਕਰਨਾ, ਖ਼ਰਾਬ ਦੰਦ ਅਤੇ ਮੋਚ ਆਏ ਪੈਰ ਵਾਂਗੂੰ ਹੈ । ੨੦ ਕਿਸੇ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ, ਸਿਆਲ ਵਿੱਚ ਕੱਪੜਾ ਉਤਾਰਨ, ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ । ੨੧ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ, ੨੨ ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ । ੨੩ ਉਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਰਾਜ਼ਗੀ ਨੂੰ ਲੈ ਕੇ ਆਉਂਦੀ ਹੈ । ੨੪ ਝਗੜਾਲੂ ਪਤਨੀ ਨਾਲ ਖੁੱਲੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ । ੨੫ ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਈ ਹੋਈ ਚੰਗੀ ਖ਼ਬਰ ਹੈ । ੨੬ ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੋਤੇ ਅਤੇ ਨਸ਼ਟ ਹੋਏ ਝਰਨੇ ਵਰਗਾ ਹੈ । ੨੭ ਬਾਹਲਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉੱਚਿਤ ਨਹੀਂ ਹੈ । ੨੮ ਜਿਹੜਾ ਮਨੁੱਖ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ, ਜਿਹ ਦੀ ਸ਼ਹਿਰਪਨਾਹ ਨਾ ਹੋਵੇ ।