੧੩
੧ ਬੁੱਧਵਾਨ ਪੁੱਤਰ ਤਾਂ ਆਪਣੇ ਪਿਤਾ ਦੀ ਸਿੱਖਿਆ ਸੁਣਦਾ ਹੈ, ਪਰ ਠੱਠਾ ਕਰਨ ਵਾਲਾ ਤਾੜਨਾ ਨੂੰ ਨਹੀਂ ਸੁਣਦਾ । ੨ ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ ਪ੍ਰਾਪਤ ਕਰਦਾ ਹੈ, ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ । ੩ ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਰਾਖੀ ਕਰਦਾ ਹੈ, ਪਰ ਜੋ ਆਪਣੇ ਮੂੰਹ ਨੂੰ ਬੇਕਾਰ ਖੋਲਦਾ ਹੈ ਉਹ ਦੇ ਲਈ ਬਰਬਾਦੀ ਹੋਵੇਗੀ । ੪ ਆਲਸੀ ਦਾ ਜੀ ਲੋਚਦਾ ਤਾਂ ਹੈ, ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਰਿਸ਼ਟ-ਪੁਸ਼ਟ ਹੋ ਜਾਵੇਗੀ । ੫ ਧਰਮੀ ਨੂੰ ਝੂਠ ਤੋਂ ਨਫ਼ਰਤ ਆਉਂਦੀ ਹੈ, ਪਰ ਦੁਸ਼ਟ ਸ਼ਰਮ ਦਾ ਕਾਰਨ ਹੁੰਦਾ ਹੈ । ੬ ਜਿਹੜਾ ਸਿੱਧੀ ਚਾਲ ਚੱਲਦਾ ਹੈ, ਧਰਮ ਉਹ ਦੀ ਰੱਖਿਆ ਕਰਦਾ ਹੈ, ਪਰ ਪਾਪੀ ਆਪਣੀ ਦੁਸ਼ਟਤਾ ਦੇ ਕਾਰਨ ਉਲਟ ਜਾਂਦਾ ਹੈ । ੭ ਕੋਈ ਤਾਂ ਧਨ ਨੂੰ ਇਕੱਠਾ ਕਰਦਾ ਫਿਰਦਾ ਪਰ ਉਸ ਦੇ ਕੋਲ ਕੁਝ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ । ੮ ਮਨੁੱਖ ਦੀ ਜਾਨ ਦਾ ਛੁਟਕਾਰਾ ਉਹ ਦਾ ਧਨ ਹੈ, ਪਰ ਗਰੀਬ ਅਜਿਹੀ ਧਮਕੀ ਨੂੰ ਸੁਣਦਾ ਹੀ ਨਹੀਂ । ੯ ਧਰਮੀ ਦੀ ਜੋਤ ਆਨੰਦ ਮਨਾਉਂਦੀ ਹੈ, ਪਰ ਦੁਸ਼ਟਾਂ ਦਾ ਦੀਵਾ ਬੁਝਾਇਆ ਜਾਵੇਗਾ । ੧੦ ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਦੇ ਕੋਲ ਸਮਝ ਹੈ । ੧੧ ਵਿਅਰਥ ਦਾ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵਧ ਜਾਵੇਗਾ । ੧੨ ਜਦ ਆਸ ਪੂਰੀ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਦਿਲ ਨੂੰ ਤੋੜਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਰੁੱਖ ਹੈ । ੧੩ ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ਼ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ । ੧੪ ਬੁੱਧਵਾਨ ਦੀ ਸਿੱਖਿਆ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ । ੧੫ ਚੰਗੀ ਬੁੱਧ ਦੇ ਕਾਰਨ ਕਿਰਪਾ ਹੁੰਦੀ ਹੈ, ਪਰ ਵਿਸ਼ਵਾਸਘਾਤੀਆਂ ਦਾ ਰਾਹ ਮੁਸ਼ਕਿਲਾਂ ਨਾਲ ਭਰਿਆ ਰਹਿੰਦਾ ਹੈ । ੧੬ ਹਰ ਸਿਆਣਾ ਮਨੁੱਖ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ । ੧੭ ਦੁਸ਼ਟ ਸੰਦੇਸ਼ਵਾਹਕ ਬਿਪਤਾ ਵਿੱਚ ਡਿਗਦਾ ਹੈ, ਪਰ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ । ੧੮ ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜਨਾ ਵੱਲ ਮਨ ਲਗਾਉਂਦਾ ਹੈ, ਉਸ ਦਾ ਆਦਰ ਹੋਵੇਗਾ । ੧੯ ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀਅ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖ ਨੂੰ ਬੁਰਾ ਲੱਗਦਾ ਹੈ । ੨੦ ਬੁੱਧਵਾਨਾਂ ਦਾ ਸਾਥੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀਆਂ ਨੂੰ ਦੁੱਖ ਹੋਵੇਗਾ । ੨੧ ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ । ੨੨ ਭਲਾ ਮਨੁੱਖ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧੰਨ ਧਰਮੀ ਲਈ ਜੁੜਦਾ ਹੈ । ੨੩ ਗਰੀਬ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੁਨਿਆ ਦੇ ਕਾਰਨ ਉੱਜੜ ਜਾਂਦਾ ਹੈ । ੨੪ ਜਿਹੜਾ ਪੁੱਤਰ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ । ੨੫ ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ ।