੧੩
ਗੈਰ ਯਹੂਦੀਆਂ ਤੋਂ ਵੱਖਰਾ ਹੋਣਾ
੧ ਉਸੇ ਦਿਨ ਮੂਸਾ ਦੀ ਪੁਸਤਕ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਕੋਈ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਕਦੇ ਵੀ ਨਾ ਆਉਣ, ੨ ਕਿਉਂ ਜੋ ਉਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿੱਕਲੇ ਸਗੋਂ ਬਿਲਆਮ ਨੂੰ ਉਨ੍ਹਾਂ ਦੇ ਵਿਰੁੱਧ ਭਾੜੇ ਉੱਤੇ ਲਿਆ ਕਿ ਉਹ ਉਨ੍ਹਾਂ ਨੂੰ ਸਰਾਪ ਦੇਵੇ, ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ । ੩ ਜਦੋਂ ਉਨ੍ਹਾਂ ਨੇ ਇਸ ਬਿਵਸਥਾ ਨੂੰ ਸੁਣਿਆਂ ਤਾਂ ਉਨ੍ਹਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ ਜੁਲੀ ਭੀੜ ਨੂੰ ਵੱਖ-ਵੱਖ ਕਰ ਦਿੱਤਾ ।
ਨਹਮਯਾਹ ਦੇ ਸੁਧਾਰ
੪ ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਟੋਬੀਯਾਹ ਦਾ ਰਿਸ਼ਤੇਦਾਰ ਸੀ, ੫ ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ । ੬ ਪਰ ਜਦੋਂ ਇਹ ਸਭ ਹੋ ਰਿਹਾ ਸੀ, ਮੈਂ ਯਰੂਸ਼ਲਮ ਵਿੱਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜਾ ਅਰਤਹਸ਼ਸ਼ਤਾ ਦੇ ਬਤੀਵੇਂ ਸਾਲ ਵਿੱਚ ਮੈਂ ਰਾਜਾ ਕੋਲ ਚਲਾ ਗਿਆ । ਫਿਰ ਕੁਝ ਦਿਨਾਂ ਬਾਅਦ ਮੈਂ ਰਾਜਾ ਕੋਲੋਂ ਛੁੱਟੀ ਮੰਗੀ, ੭ ਤਦ ਮੈਂ ਯਰੂਸ਼ਲਮ ਨੂੰ ਆਇਆ ਅਤੇ ਉਸ ਬੁਰਿਆਈ ਨੂੰ ਜਾਣਿਆ ਜਿਹੜੀ ਅਲਯਾਸ਼ੀਬ ਨੇ ਟੋਬੀਯਾਹ ਲਈ ਪਰਮੇਸ਼ੁਰ ਦੇ ਭਵਨ ਦੇ ਵੇਹੜਿਆਂ ਵਿੱਚ ਉਸ ਦੇ ਲਈ ਇੱਕ ਕੋਠੜੀ ਬਣਾ ਕੇ ਕੀਤੀ ਸੀ । ੮ ਇਹ ਮੈਨੂੰ ਬਹੁਤ ਹੀ ਬੁਰਾ ਲੱਗਿਆ, ਇਸ ਲਈ ਮੈਂ ਟੋਬੀਯਾਹ ਦਾ ਸਾਰਾ ਘਰੇਲੂ ਸਮਾਨ ਉਸ ਕੋਠੜੀ ਵਿੱਚੋਂ ਬਾਹਰ ਸੁਟਵਾ ਦਿੱਤਾ । ੯ ਤਦ ਮੇਰੇ ਹੁਕਮ ਦੇ ਅਨੁਸਾਰ ਉਹ ਕੋਠੜੀਆਂ ਸ਼ੁੱਧ ਕੀਤੀਆਂ ਗਈਆਂ ਅਤੇ ਮੈਂ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਟ ਅਤੇ ਲੁਬਾਨ ਫਿਰ ਉੱਥੇ ਰੱਖਿਆ ।
੧੦ ਫਿਰ ਮੈਨੂੰ ਪਤਾ ਲੱਗਾ ਕਿ ਲੇਵਿਆਂ ਦਾ ਹਿੱਸਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਇਸ ਲਈ ਕੰਮ ਕਰਨ ਵਾਲੇ ਲੇਵੀ ਅਤੇ ਗਾਇਕ ਆਪੋ ਆਪਣੇ ਖੇਤਾਂ ਨੂੰ ਭੱਜ ਗਏ ਹਨ । ੧੧ ਤਦ ਮੈਂ ਹਾਕਮਾਂ ਨੂੰ ਝਿੜਕ ਕੇ ਕਿਹਾ, “ਪਰਮੇਸ਼ੁਰ ਦਾ ਭਵਨ ਕਿਉਂ ਤਿਆਗਿਆ ਗਿਆ ਹੈ ? “ ਤਦ ਮੈਂ ਉਨ੍ਹਾਂ ਨੂੰ ਇੱਕਠੇ ਕਰ ਕੇ ਇੱਕ-ਇੱਕ ਨੂੰ ਉਸ ਦੇ ਸਥਾਨ ਉੱਤੇ ਨਿਯੁਕਤ ਕੀਤਾ । ੧੨ ਤਦ ਸਾਰੇ ਯਹੂਦੀ ਅੰਨ ਅਤੇ ਨਵੀਂ ਮਧ ਅਤੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਉਣ ਲੱਗੇ । ੧੩ ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਾਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਈਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਨ੍ਹਾਂ ਦਾ ਕੰਮ ਸੀ ।
੧੪ ਹੇ ਮੇਰੇ ਪਰਮੇਸ਼ੁਰ, ਮੇਰਾ ਇਹ ਕੰਮ ਯਾਦ ਰੱਖ ਅਤੇ ਜੋ ਨੇਕ ਕੰਮ ਮੈਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀ ਸੇਵਾ ਲਈ ਕੀਤੇ ਹਨ, ਉਨ੍ਹਾਂ ਨੂੰ ਨਾ ਮਿਟਾ ।
੧੫ ਉਨ੍ਹਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਹੌਦਾਂ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਮਧ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ । ਇਸ ਲਈ ਮੈਂ ਉਨ੍ਹਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ । ੧੬ ਉੱਥੇ ਸੂਰ ਦੇ ਲੋਕ ਵੀ ਵੱਸਦੇ ਸਨ, ਜਿਹੜੇ ਮੱਛੀ ਅਤੇ ਨਾਨਾ ਪ੍ਰਕਾਰ ਦਾ ਸੌਦਾ, ਸਬਤ ਦੇ ਦਿਨ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ । ੧੭ ਤਦ ਮੈਂ ਯਹੂਦਾਹ ਦੇ ਸਾਮੰਤਾਂ ਨੂੰ ਝਿੜਕ ਕੇ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ ? ੧੮ ਕੀ ਤੁਹਾਡੇ ਪਿਉ-ਦਾਦਿਆਂ ਨੇ ਇਸੇ ਤਰ੍ਹਾਂ ਨਹੀਂ ਕੀਤਾ ? ਕੀ ਇਸੇ ਕਾਰਨ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਨਹੀਂ ਲਿਆਂਦੀ ? ਫੇਰ ਵੀ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਕੇ ਇਸਰਾਏਲ ਉੱਤੇ ਪਰਮੇਸ਼ੁਰ ਦੇ ਕ੍ਰੋਧ ਨੂੰ ਹੋਰ ਭੜਕਾਉਂਦੇ ਹੋ !”
੧੯ ਇਸ ਲਈ ਸਬਤ ਦੇ ਦਿਨ ਤੋਂ ਪਹਿਲਾ ਜਦ ਹਨੇਰਾ ਹੋਣ ਲੱਗਿਆ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਹ ਹੁਕਮ ਵੀ ਦਿੱਤਾ ਕਿ ਜਦ ਤੱਕ ਸਬਤ ਦਾ ਦਿਨ ਪੂਰਾ ਨਾ ਹੋ ਜਾਵੇ, ਫਾਟਕ ਨਾ ਖੋਲ੍ਹੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕੁਝ ਨੂੰ ਫਾਟਕਾਂ ਉੱਤੇ ਖੜ੍ਹਾ ਕੀਤਾ ਤਾਂ ਜੋ ਸਬਤ ਦੇ ਦਿਨ ਕੋਈ ਅੰਦਰ ਨਾ ਆਵੇ । ੨੦ ਸੋ ਵਪਾਰੀ ਅਤੇ ਨਾਨਾ ਪ੍ਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਬਾਹਰ ਇੱਕ ਦੋ ਵਾਰ ਠਹਿਰੇ । ੨੧ ਤਦ ਮੈਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਅਤੇ ਕਿਹਾ, “ਤੁਸੀਂ ਸ਼ਹਿਰਪਨਾਹ ਦੇ ਨੇੜੇ ਕਿਉਂ ਠਹਿਰਦੇ ਹੋ ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ !” ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ । ੨੨ ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਜਾਓ । ਹੇ ਮੇਰੇ ਪਰਮੇਸ਼ੁਰ, ਮੈਨੂੰ ਇਸ ਲਈ ਵੀ ਯਾਦ ਰੱਖ ਅਤੇ ਆਪਣੀ ਵੱਡੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ ।
੨੩ ਫਿਰ ਉਨ੍ਹਾਂ ਦਿਨਾਂ ਵਿੱਚ ਮੈਂ ਅਜਿਹੇ ਯਹੂਦੀ ਮਨੁੱਖਾਂ ਨੂੰ ਵੇਖਿਆ ਜਿਨ੍ਹਾਂ ਨੇ ਅਸ਼ਦੋਦੀ, ਅੰਮੋਨੀ ਅਤੇ ਮੋਆਬੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ । ੨੪ ਉਨ੍ਹਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਜਾਂ ਦੂਜੇ ਲੋਕਾਂ ਦੀ ਭਾਸ਼ਾ ਬੋਲਦੇ ਸਨ, ਪਰ ਉਹ ਯਹੂਦੀ ਭਾਸ਼ਾ ਨਹੀਂ ਬੋਲ ਸਕਦੇ ਸਨ । ੨੫ ਤਦ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਵਾਲ ਪੁੱਟਵਾਏ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ, “ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰੋਗੇ । ੨੬ ਕੀ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ ? ਭਾਵੇਂ ਬਹੁਤੀਆਂ ਕੌਮਾਂ ਵਿੱਚ ਉਸ ਦੇ ਵਰਗਾ ਕੋਈ ਰਾਜਾ ਨਹੀਂ ਸੀ ਅਤੇ ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਤੇ ਰਾਜਾ ਬਣਾਇਆ ਤਾਂ ਵੀ ਗੈਰ-ਕੌਮੀ ਇਸਤਰੀਆਂ ਨੇ ਉਸ ਕੋਲੋਂ ਪਾਪ ਕਰਵਾਇਆ । ੨੭ ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਧੋਖਾ ਕਰੀਏ ? “
੨੮ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਪੁੱਤਰ ਯੋਯਾਦਾਅ ਦਾ ਇੱਕ ਪੁੱਤਰ ਹੋਰੋਨੀ ਸਨਬੱਲਟ ਦਾ ਜਵਾਈ ਸੀ, ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ । ੨੯ ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਅਸ਼ੁੱਧ ਕੀਤਾ ਹੈ ।
੩੦ ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੈਰ-ਕੌਮਾਂ ਵਿੱਚੋਂ ਸ਼ੁੱਧ ਕੀਤਾ ਅਤੇ ਹਰ ਇੱਕ ਜਾਜਕ ਅਤੇ ਲੇਵੀ ਲਈ ਉਸ ਦੇ ਕੰਮ ਅਨੁਸਾਰ ਜ਼ਿੰਮੇਵਾਰੀਆਂ ਦਿੱਤੀਆਂ । ੩੧ ਫਿਰ ਮੈਂ ਲੱਕੜੀ ਦੀਆਂ ਭੇਟਾਂ ਲਿਆਉਣ ਲਈ ਅਤੇ ਪਹਿਲਾ ਫਲ ਦੇਣ ਲਈ ਸਮਾਂ ਠਹਿਰਾ ਦਿੱਤਾ । ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਯਾਦ ਰੱਖ !