੪
ਨਹਮਯਾਹ ਦੁਆਰਾ ਵਿਰੋਧੀਆਂ ਦਾ ਸਾਹਮਣਾ ਕਰਨਾ
੧ ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਸ਼ਹਿਰਪਨਾਹ ਨੂੰ ਬਣਾ ਰਹੇ ਹਾਂ ਤਾਂ ਉਸ ਨੂੰ ਗੁੱਸਾ ਚੜ੍ਹਿਆ ਅਤੇ ਉਹ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਦਾ ਮਖੌਲ ਉਡਾਉਣ ਲੱਗਾ । ੨ ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, “ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ ? ਕੀ ਉਹ ਬਲੀਆਂ ਚੜ੍ਹਾਉਣਗੇ ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ ? “ ੩ ਤਦ ਟੋਬੀਯਾਹ ਅੰਮੋਨੀ ਨੇ ਜਿਹੜਾ ਉਸ ਦੇ ਨਾਲ ਸੀ, ਕਹਿਣ ਲੱਗਾ, “ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ !” ੪ “ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ । ਉਨ੍ਹਾਂ ਦੀ ਇਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ ਦੇ । ੫ ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਨ੍ਹਾਂ ਨੇ ਤੇਰੇ ਕ੍ਰੋਧ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ ।”
੬ ਸੋ ਅਸੀਂ ਸ਼ਹਿਰਪਨਾਹ ਨੂੰ ਬਣਾਉਂਦੇ ਗਏ ਅਤੇ ਸਾਰੀ ਸ਼ਹਿਰਪਨਾਹ ਅੱਧੀ ਉਚਾਈ ਤੱਕ ਜੁੜ ਗਈ ਕਿਉਂ ਜੋ ਲੋਕ ਪੂਰੇ ਦਿਲ ਨਾਲ ਕੰਮ ਕਰ ਰਹੇ ਸਨ ।
੭ ਫਿਰ ਅਜਿਹਾ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀ ਸ਼ਹਿਰਪਨਾਹ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਸ ਦੀਆਂ ਦਰਾਰਾਂ ਭਰਦੀਆਂ ਜਾਂਦੀਆਂ ਹਨ ਤਾਂ ਉਹ ਬਹੁਤ ਹੀ ਗੁੱਸੇ ਹੋ ਗਏ । ੮ ਤਦ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਯੋਜਨਾ ਬਣਾਈ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਸ ਵਿੱਚ ਗੜ੍ਹਬੜ ਪਾ ਦੇਈਏ । ੯ ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਡਰ ਕਾਰਨ ਉਨ੍ਹਾਂ ਦੇ ਵਿਰੁੱਧ ਦਿਨ ਰਾਤ ਪਹਿਰਾ ਖੜ੍ਹਾ ਕੀਤਾ । ੧੦ ਤਦ ਯਹੂਦਾਹ ਦੇ ਲੋਕਾਂ ਨੇ ਕਿਹਾ, “ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਇਸ ਲਈ ਅਸੀਂ ਸ਼ਹਿਰਪਨਾਹ ਨੂੰ ਨਹੀਂ ਬਣਾ ਸਕਦੇ ।” ੧੧ ਅਤੇ ਸਾਡੇ ਵਿਰੋਧੀ ਕਹਿਣ ਲੱਗੇ, “ਜਦ ਤੱਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਮਾਰ ਨਾ ਦੇਈਏ ਅਤੇ ਉਨ੍ਹਾਂ ਦੇ ਕੰਮ ਨੂੰ ਬੰਦ ਨਾ ਕਰ ਦੇਈਏ, ਤਦ ਤੱਕ ਨਾ ਉਹ ਕੁਝ ਜਾਨਣਗੇ ਅਤੇ ਨਾ ਹੀ ਵੇਖਣਗੇ ।” ੧੨ ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਨ੍ਹਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ । ੧੩ ਇਸ ਕਰਕੇ ਮੈਂ ਲੋਕਾਂ ਨੂੰ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ । ੧੪ ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, “ਉਨ੍ਹਾਂ ਤੋਂ ਨਾ ਡਰੋ, ਪ੍ਰਭੂ ਨੂੰ ਜੋ ਮਹਾਨ ਅਤੇ ਭੈ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ !”
੧੫ ਫਿਰ ਅਜਿਹਾ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਹੈ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ ਤਾਂ ਅਸੀਂ ਸਾਰੇ ਸ਼ਹਿਰਪਨਾਹ ਵੱਲ ਮੁੜ ਆਏ ਅਤੇ ਹਰ ਇੱਕ ਮਨੁੱਖ ਆਪਣੇ-ਆਪਣੇ ਕੰਮ ਨੂੰ ਗਿਆ । ੧੬ ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾ ਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ । ੧੭ ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ, ੧੮ ਅਤੇ ਰਾਜ ਮਿਸਤਰੀ ਆਪਣੇ-ਆਪਣੇ ਕਮਰ-ਕੱਸਿਆਂ ਵਿੱਚ ਆਪਣੀਆਂ ਤਲਵਾਰਾਂ ਬੰਨ੍ਹ ਕੇ ਕੰਮ ਕਰਦੇ ਸਨ ਪਰ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਰਹਿੰਦਾ ਸੀ । ੧੯ ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, “ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ ਦੂਜੇ ਤੋਂ ਦੂਰ ਹਾਂ, ੨੦ ਇਸ ਲਈ ਜਿੱਧਰੋਂ ਵੀ ਤੁਸੀਂ ਨਰਸਿੰਗੇ ਦੀ ਅਵਾਜ਼ ਸੁਣੋ ਉੱਥੇ ਹੀ ਸਾਡੇ ਕੋਲ ਇੱਕਠੇ ਹੋ ਜਾਇਓ । ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ ।” ੨੧ ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ । ੨੨ ਫਿਰ ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ, “ਹਰ ਇੱਕ ਮਨੁੱਖ ਆਪਣੇ ਸੇਵਕ ਸਮੇਤ ਯਰੂਸ਼ਲਮ ਵਿੱਚ ਰਾਤ ਕੱਟਿਆ ਕਰੇ ਤਾਂ ਜੋ ਉਹ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ।” ੨੩ ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ ।