੩
ਯੂਹੰਨਾ ਬਪਤਿਸਮਾ ਦੇਣ ਵਾਲਾ 
(ਮਰਕੁਸ 1:1-8; ਲੂਕਾ 3:1-18; ਯੂਹੰਨਾ 1:6-8,15-34) 
 ੧ ਉਹਨਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ, ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਆਖਣ ਲੱਗਾ,  ੨ ਤੋਬਾ ਕਰੋ, ਕਿਉਂ ਜੋ ਸਵਰਗ ਰਾਜ ਨੇੜੇ ਹੈ ।  ੩ ਇਹ ਉਹੀ ਹੈ ਜਿਹ ਦੇ ਬਾਰੇ ਯਸਾਯਾਹ ਨਬੀ ਨੇ ਆਖਿਆ ਸੀ, ਉਜਾੜ ਵਿੱਚ ਪੁਕਾਰਨ ਵਾਲੇ ਦੀ ਅਵਾਜ਼, ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ । 
 ੪ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ, ਚਮੜੇ ਦੀ ਪੇਟੀ ਉਸ ਦੇ ਲੱਕ ਨਾਲ ਬੰਨ੍ਹੀ ਹੋਈ ਸੀ, ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ l  ੫ ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਸਾਰੇ ਲੋਕ ਉਹ ਦੇ ਕੋਲ ਆਉਂਦੇ ਸਨ ।  ੬ ਅਤੇ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ ।  ੭ ਪਰ ਜਦ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਹੁਤ ਸਾਰੇ ਉਸ ਤੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਖਿਆ, “ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ ?”  ੮ ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ ।  ੯ ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ ।  ੧੦ ਅਤੇ ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ।  ੧੧ ਮੈਂ ਤਾਂ ਤੁਹਾਨੂੰ ਮਨ ਫ਼ਿਰਾਉਣ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਮਗਰੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਵੀ ਬਲਵੰਤ ਹੈ, ਮੈਂ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ ।  ੧੨ ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਗੋਦਾਮ ਵਿੱਚ ਜਮਾਂ ਕਰੇਗਾ, ਪਰ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ । 
ਯੂਹੰਨਾ ਦੁਆਰਾ ਯਿਸੂ ਦਾ ਬਪਤਿਸਮਾ 
(ਮਰਕੁਸ 1:9-11; ਲੂਕਾ 3:21-22; ਯੂਹੰਨਾ 1:31-34) 
 ੧੩ ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ, ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ ।  ੧੪ ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਿਆ, ਕਿ ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਪਰ ਤੂੰ ਮੇਰੇ ਕੋਲ ਆਇਆ ਹੈਂ ?  ੧੫ ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਅਜਿਹਾ ਹੋਣਾ ਯੋਗ ਹੈ ਜੋ ਸਾਰੀ ਧਾਰਮਿਕਤਾ ਨੂੰ ਇਸੇ ਤਰ੍ਹਾਂ ਪੂਰਾ ਕਰੀਏ । ਤਦ ਉਸ ਨੇ ਅਜਿਹਾ ਹੋਣ ਦਿੱਤਾ ।  ੧੬ ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਘੁੱਗੀ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ ।  ੧੭ ਅਤੇ ਵੇਖੋ ਇਹ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ ।