੨
ਯਰੂਸ਼ਲਮ ਨੂੰ ਪਰਮੇਸ਼ੁਰ ਦੀ ਸਜ਼ਾ 
 ੧ ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ ! 
ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ, 
ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ । 
 ੨ ਯਹੋਵਾਹ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਬੇਤਰਸ ਹੋ ਕੇ ਨਿਗਲ ਲਿਆ, 
ਉਸ ਨੇ ਆਪਣੇ ਕ੍ਰੋਧ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ, 
ਉਸ ਨੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਇਆ ਹੈ । 
 ੩ ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ, 
ਉਸ ਨੇ ਵੈਰੀ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ, 
ਉਸ ਨੇ ਚਾਰ-ਚੁਫ਼ੇਰੇ ਭੜਕਦੀ ਹੋਈ ਅੱਗ ਦੀ ਤਰ੍ਹਾਂ ਯਾਕੂਬ ਨੂੰ ਸਾੜ ਦਿੱਤਾ ਹੈ । 
 ੪ ਉਸ ਨੇ ਵੈਰੀ ਦੀ ਤਰ੍ਹਾਂ ਆਪਣਾ ਧਣੁੱਖ ਖਿੱਚਿਆ, 
ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ, 
ਜਿੰਨੇ ਵੇਖਣ ਵਿੱਚ ਮਨਭਾਉਣੇ ਸਨ, ਉਨ੍ਹਾਂ ਸਾਰਿਆਂ ਨੂੰ ਉਸ ਨੇ ਵੱਢ ਸੁੱਟਿਆ ਹੈ, 
ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਗੂੰ ਆਪਣੇ ਗੁੱਸੇ ਨੂੰ ਵਹਾਇਆ ਹੈ । 
 ੫ ਯਹੋਵਾਹ ਵੈਰੀ ਵਾਂਗਰ ਹੋ ਗਿਆ, 
ਉਸ ਨੇ ਇਸਰਾਏਲ ਨੂੰ ਨਿਗਲ ਲਿਆ, 
ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ, 
ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ ਹੈ, 
ਉਸ ਨੇ ਯਹੂਦਾਹ ਦੀ ਧੀ ਦਾ ਰੋਣਾ ਪਿੱਟਣਾ ਬਹੁਤ ਵਧਾਇਆ ਹੈ । 
 ੬ ਉਸ ਨੇ ਆਪਣੇ ਤੰਬੂ ਨੂੰ ਬਾਗ਼ ਦੀ ਮਚਾਨ ਵਾਂਗੂੰ ਢਾਹ ਸੁੱਟਿਆ, 
ਉਸ ਨੇ ਆਪਣੀ ਮੰਡਲੀ ਦੇ ਸਥਾਨ ਨੂੰ ਬਰਬਾਦ ਕਰ ਦਿੱਤਾ, 
ਯਹੋਵਾਹ ਨੇ ਸੀਯੋਨ ਵਿੱਚ ਠਹਿਰਾਏ ਹੋਏ ਪਰਬਾਂ ਅਤੇ ਸਬਤ ਨੂੰ ਵਿਸਾਰ ਦਿੱਤਾ, 
ਅਤੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਰਾਜਾ ਅਤੇ ਜਾਜਕ ਨੂੰ ਤੁੱਛ ਜਾਣਿਆ । 
 ੭ ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ, 
ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ, 
ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ, 
ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲਾ ਪਾਇਆ, 
ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ ! 
 ੮ ਯਹੋਵਾਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣਾ ਠਾਣ ਲਿਆ, 
ਉਸ ਨੇ ਮਾਪ ਦੀ ਡੋਰੀ ਖਿੱਚੀ, 
ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, 
ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, 
ਉਹ ਦੋਵੇਂ ਇੱਕਠੇ ਬਰਬਾਦ ਹੋ ਗਏ । 
 ੯ ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ, 
ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ, 
ਉਹ ਦਾ ਰਾਜਾ ਅਤੇ ਹਾਕਮ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, 
ਉਹ ਦੇ ਨਬੀ ਯਹੋਵਾਹ ਤੋਂ ਦਰਸ਼ਨ ਨਹੀਂ ਪਾਉਂਦੇ । 
 ੧੦ ਸੀਯੋਨ ਦੀ ਧੀ ਦੇ ਬਜ਼ੁਰਗ ਜ਼ਮੀਨ ਉੱਤੇ ਚੁੱਪ-ਚਾਪ ਬੈਠੇ ਹਨ, 
ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ, 
ਉਹਨਾਂ ਨੇ ਤੱਪੜ ਪਾ ਲਿਆ ਹੈ । 
ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ । 
 ੧੧ ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, 
ਮੇਰਾ ਦਿਲ ਬੇਚੈਨ ਹੈ, 
ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਦੇ ਕਾਰਨ, 
ਮੇਰਾ ਕਾਲਜਾ ਫੱਟ ਗਿਆ ਹੈ, 
ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਸੁਰਤ ਪਏ ਹਨ । 
 ੧੨ ਉਹ ਆਪਣੀਆਂ ਮਾਵਾਂ ਨੂੰ ਰੋ-ਰੋ ਕੇ ਪੁੱਛਦੇ ਹਨ, 
ਅੰਨ ਅਤੇ ਦਾਖਰਸ ਕਿੱਥੇ ਹਨ ? 
ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, 
ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣਾ ਪ੍ਰਾਣ ਛੱਡ ਦਿੰਦੇ ਹਨ । 
 ੧੩ ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ, 
ਅਤੇ ਤੈਨੂੰ ਕਿਹ ਦੇ ਵਰਗੀ ਠਹਿਰਾਵਾਂ ? 
ਹੇ ਸੀਯੋਨ ਦੀਏ ਕੁਆਰੀਏ ਧੀਏ ! ਮੈਂ ਕਿਹ ਦੇ ਨਾਲ ਤੇਰੀ ਤੁਲਨਾ ਕਰਾਂ 
ਤਾਂ ਜੋ ਮੈਂ ਤੈਨੂੰ ਤੱਸਲੀ ਦਿਆਂ ? 
ਕਿਉਂ ਜੋ ਤੇਰਾ ਜ਼ਖਮ ਸਾਗਰ ਵਾਂਗੂੰ ਵੱਡਾ ਹੈ, 
ਕੌਣ ਤੈਨੂੰ ਚੰਗਾ ਕਰ ਸਕੇਗਾ ? 
 ੧੪ ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਨ ਵੇਖੇ, 
ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ, 
ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ, 
ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅੰਗਮ ਵਾਕ ਬੋਲੇ, 
 ੧੫ ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ, 
ਉਹ ਯਰੂਸ਼ਲਮ ਦੀ ਧੀ ਦੇ ਉੱਤੇ, ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ, 
ਕੀ ਇਹ ਉਹੋ ਸ਼ਹਿਰ ਹੈ ਜਿਸ ਨੂੰ ਉਹ ਇਹ ਨਾਮ ਦਿੰਦੇ ਸਨ, “ਸੁੰਦਰਤਾ ਵਿੱਚ ਸਿੱਧ, ਸਾਰੇ ਸੰਸਾਰ ਦਾ ਅਨੰਦ ? “ 
 ੧੬ ਤੇਰੇ ਸਾਰੇ ਵੈਰੀਆਂ ਨੇ ਤੇਰੇ ਵਿਰੁੱਧ ਆਪਣਾ ਮੂੰਹ ਅੱਡਿਆ ਹੈ, 
ਉਹ ਖਿੱਲ੍ਹੀ ਉਡਾਉਂਦੇ ਅਤੇ ਦੰਦ ਪੀਂਹਦੇ ਹਨ, 
ਉਹ ਆਖਦੇ ਹਨ, ਅਸੀਂ ਉਹ ਨੂੰ ਨਿਗਲ ਲਿਆ ਹੈ, 
ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸੀ, 
ਇਹ ਸਾਨੂੰ ਲੱਭ ਗਿਆ, ਅਸੀਂ ਇਸ ਨੂੰ ਵੇਖ ਲਿਆ ਹੈ ! 
 ੧੭ ਯਹੋਵਾਹ ਨੇ ਉਹੋ ਕੀਤਾ, ਜੋ ਉਸ ਨੇ ਠਾਣਿਆ ਸੀ, 
ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਸ ਦਾ ਹੁਕਮ ਉਸ ਨੇ ਬੀਤੇ ਸਮਿਆਂ ਵਿੱਚ ਦਿੱਤਾ ਸੀ । 
ਉਸ ਨੇ ਤੈਨੂੰ ਢਾਹ ਦਿੱਤਾ ਅਤੇ ਤਰਸ ਨਾ ਖਾਧਾ, 
ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ, 
ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਨੂੰ ਉੱਚਾ ਕੀਤਾ ਹੈ । 
 ੧੮ ਉਨ੍ਹਾਂ ਨੇ ਦਿਲ ਤੋਂ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ, 
ਹੇ ਸੀਯੋਨ ਦੀ ਧੀ ਦੀਏ ਕੰਧੇ, 
ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ ! 
ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ । 
 ੧੯ ਉੱਠ ! ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ ! 
ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗੂੰ ਡੋਲ੍ਹ ਦੇ, 
ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, 
ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਸੁਰਤ ਪਏ ਹਨ । 
 ੨੦ ਹੇ ਯਹੋਵਾਹ, ਵੇਖ ! ਅਤੇ ਧਿਆਨ ਦੇ ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ ? 
ਕੀ ਇਸਤਰੀਆਂ ਆਪਣਾ ਫਲ ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ ? 
ਹੇ ਪ੍ਰਭੂ ! ਕੀ ਜਾਜਕ ਅਤੇ ਨਬੀ ਤੇਰੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ ? 
 ੨੧ ਜੁਆਨ ਅਤੇ ਬੁੱਢੇ ਗਲੀਆਂ ਵਿੱਚ ਜ਼ਮੀਨ ਉੱਤੇ ਪਏ ਹਨ, 
ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਤਲਵਾਰ ਨਾਲ ਡਿੱਗ ਪਏ । 
ਤੂੰ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਘਾਤ ਕੀਤਾ, 
ਤੂੰ ਉਹਨਾਂ ਨੂੰ ਵੱਢ ਸੁੱਟਿਆ ਅਤੇ ਤਰਸ ਨਾ ਖਾਧਾ ! 
 ੨੨ ਤੂੰ ਮੇਰੇ ਭੈ ਦੇ ਕਾਰਨਾਂ ਨੂੰ, ਪਰਬ ਦੇ ਦਿਨ ਦੇ ਸਮਾਨ ਆਲੇ-ਦੁਆਲੇ ਤੋਂ ਬੁਲਾਇਆ ਹੈ, 
ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਤਾਂ ਕੋਈ ਬੱਚ ਸਕਿਆ ਤੇ ਨਾ ਕੋਈ ਬਾਕੀ ਰਿਹਾ, 
ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਉਹਨਾਂ ਨੂੰ ਮੇਰੇ ਵੈਰੀਆਂ ਨੇ ਮਾਰ ਕੇ ਮੁਕਾ ਦਿੱਤਾ ਹੈ ।