੩
ਇਸਰਾਏਲੀ ਯਰਦਨ ਪਾਰ ਕਰਦੇ ਹਨ 
 ੧ ਯਹੋਸ਼ੁਆ ਸਵੇਰੇ ਜਲਦੀ ਉੱਠਿਆ ਤਾਂ ਉਹ ਅਤੇ ਸਾਰੇ ਇਸਰਾਏਲੀ ਸ਼ਿੱਟੀਮ ਤੋਂ ਕੂਚ ਕਰਕੇ ਯਰਦਨ ਕੋਲ ਆਏ ਅਤੇ ਉਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਠਹਿਰ ਗਏ  ੨ ਇਸ ਤਰ੍ਹਾਂ ਹੋਇਆ ਕਿ ਤਿੰਨ ਦਿਨਾਂ ਦੇ ਪਿੱਛੋਂ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ ।  ੩ ਉਹਨਾਂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਿਸ ਵੇਲੇ ਤੁਸੀਂ ਲੇਵੀ ਜਾਜਕਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਵੇਖੋ ਤਾਂ ਤੁਸੀਂ ਆਪਣੇ ਸਥਾਨ ਤੋਂ ਕੂਚ ਕਰ ਕੇ ਉਹ ਦੇ ਪਿਛੇ ਪਿਛੇ ਚੱਲਿਓ ।  ੪ ਪਰ ਤੁਹਾਡੇ ਅਤੇ ਉਹ ਦੇ ਵਿਚਕਾਰ ਮਿਣਤੀ ਦੇ ਦੋ ਕੁ ਹਜ਼ਾਰ ਹੱਥ ਦਾ ਫ਼ਾਸਲਾ ਹੋਵੇ ਅਤੇ ਉਹ ਦੇ ਨੇੜੇ ਨਾ ਜਾਇਓ ਤਾਂ ਜੋ ਤੁਸੀਂ ਉਹ ਰਾਹ ਨੂੰ ਜਿੱਥੋਂ ਦੀ ਤੁਸੀਂ ਤੁਰਨਾ ਹੈ ਜਾਣੋ ਇਸ ਲਈ ਕਿ ਤੁਸੀਂ ਅੱਜ ਤੋਂ ਪਹਿਲਾਂ ਉਸ ਰਾਹ ਤੋਂ ਕਦੀ ਨਹੀਂ ਲੰਘੇ ।  ੫ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂ ਜੋ ਕੱਲ ਯਹੋਵਾਹ ਤੁਹਾਡੇ ਵਿੱਚ ਅਦਭੁੱਤ ਕੰਮ ਕਰੇਗਾ ।  ੬ ਫਿਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ ਕਿ ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ-ਅੱਗੇ ਪਾਰ ਲੰਘੋ ਤਾਂ ਉਹਨਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲ ਪਏ । 
 ੭ ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦੀ ਸ਼ੁਰੂਆਤ ਕਰਾਂਗਾ ਇਸ ਲਈ ਕਿ ਉਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਸੰਗ ਵੀ ਹਾਂ ।  ੮ ਤੂੰ ਉਹਨਾਂ ਜਾਜਕਾਂ ਨੂੰ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਕਰ ਕਿ ਜਦ ਤੁਸੀਂ ਯਰਦਨ ਦੇ ਪਾਣੀ ਦੇ ਕੰਡੇ ਉੱਤੇ ਪਹੁੰਚੇ ਤਾਂ ਤੁਸੀਂ ਯਰਦਨ ਦੇ ਵਿੱਚ ਖੜ੍ਹੇ ਹੋ ਜਾਣਾ । 
 ੯ ਇਸ ਲਈ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਇਧਰ ਆਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਗੱਲਾਂ ਸੁਣੋ  ੧੦ ਤਾਂ ਯਹੋਸ਼ੁਆ ਨੇ ਆਖਿਆ ਕਿ ਹੁਣ ਤੁਸੀਂ ਇਸ ਤੋਂ ਜਾਣੋਗੇ ਕਿ ਜਿਉਂਦਾ ਪਰਮੇਸ਼ੁਰ ਤੁਹਾਡੇ ਵਿਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫਰਿਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਉਹਨਾਂ ਦੇ ਦੇਸ ਵਿਚੋਂ ਜ਼ਰੂਰ ਬਾਹਰ ਕੱਢ ਦੇਵੇਗਾ ।  ੧੧ ਵੇਖੋ, ਸਾਰੀ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ ।  ੧੨ ਹੁਣ ਤੁਸੀਂ ਬਾਰਾਂ ਜਣੇ ਇਸਰਾਏਲ ਦੀਆਂ ਗੋਤਾਂ ਵਿੱਚੋ ਇੱਕ-ਇੱਕ ਗੋਤ ਪਿੱਛੇ ਇੱਕ-ਇੱਕ ਮਨੁੱਖ ਆਪਣੇ ਲਈ ਲਓ ।  ੧੩ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਜਾਜਕਾਂ ਦੇ ਪੈਰ ਜਿਹੜੇ ਯਹੋਵਾਹ ਸਾਰੀ ਧਰਤੀ ਦੇ ਪ੍ਰਭੂ ਦਾ ਸੰਦੂਕ ਚੁੱਕਦੇ ਹਨ ਯਰਦਨ ਦੇ ਪਾਣੀਆਂ ਵਿੱਚ ਰੱਖੇ ਜਾਣ ਤਾਂ ਯਰਦਨ ਦੇ ਪਾਣੀ ਉਹਨਾਂ ਪਾਣੀਆਂ ਤੋਂ ਜਿਹੜੇ ਉੱਤੋਂ ਵਗਦੇ ਹਨ ਵੱਖਰੇ-ਵੱਖਰੇ ਹੋ ਜਾਣਗੇ ਅਤੇ ਉਹ ਇੱਕ ਢੇਰ ਹੋ ਕੇ ਖੜ੍ਹਾ ਹੋ ਜਾਣਗੇ । 
 ੧੪ ਤਦ ਇਸ ਤਰ੍ਹਾਂ ਹੋਇਆ ਕਿ ਜਦ ਲੋਕ ਆਪਣਿਆਂ ਤੰਬੂਆਂ ਤੋਂ ਤੁਰੇ ਕਿ ਯਰਦਨ ਦੇ ਪਾਰ ਲੰਘਣ ਅਤੇ ਜਾਜਕਾਂ ਨੇ ਲੋਕਾਂ ਦੇ ਅੱਗੇ-ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ ।  ੧੫ ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ ।  ੧੬ ਤਾਂ ਉੱਤੋਂ ਵਗਣ ਵਾਲੇ ਪਾਣੀ ਆਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ ਅਤੇ ਉਹ ਪਾਣੀ ਜਿਹੜੇ ਅਰਾਬਾਹ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਪੂਰੀ ਤਰ੍ਹਾਂ ਹੀ ਅੱਡ ਹੋ ਗਏ ਤਾਂ ਲੋਕ ਯਰੀਹੋ ਦੇ ਸਾਹਮਣੇ ਹੀ ਪਾਰ ਲੰਘੇ ।  ੧੭ ਅਤੇ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਹੋ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ ।