੭
ਯਿਸੂ ਅਤੇ ਉਸ ਦੇ ਭਰਾ
੧ ਇਸ ਤੋਂ ਬਾਅਦ ਯਿਸੂ ਨੇ ਗਲੀਲ ਦੇ ਇਲਾਕੇ ਵਿੱਚ ਯਾਤਰਾ ਕੀਤੀ । ਉਹ ਯਹੂਦਿਯਾ ਵਿੱਚ ਯਾਤਰਾ ਕਰਨਾ ਨਹੀਂ ਚਾਹੁੰਦਾ ਸੀ, ਕਿਉਂਕਿ ਉਸ ਇਲਾਕੇ ਦੇ ਯਹੂਦੀ ਉਸ ਨੂੰ ਮਾਰਨਾ ਚਾਹੁੰਦੇ ਸਨ । ੨ ਯਹੂਦੀਆਂ ਲਈ ਡੇਰਿਆਂ ਦੇ ਤਿਉਹਾਰ ਦਾ ਸਮਾਂ ਨੇੜੇ ਸੀ । ੩ ਇਸ ਲਈ ਯਿਸੂ ਦੇ ਭਰਾਵਾਂ ਨੇ ਉਸ ਨੂੰ ਆਖਿਆ, “ਹੁਣ ਤੂੰ ਚੱਲ ਕੇ ਯਹੂਦਿਯਾ ਨੂੰ ਜਾ ਤਾਂ ਜੋ ਜਿਹੜੇ ਕੰਮ ਤੂੰ ਕਰਦਾ ਹੈਂ ਉੱਥੇ ਤੇਰੇ ਚੇਲੇ ਵੇਖਣ, ੪ ਜੇਕਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਜਾਨਣ ਤਾਂ ਉਸ ਮਨੁੱਖ ਨੂੰ ਲੋਕਾਂ ਕੋਲੋਂ ਕੁੱਝ ਲੁਕੋਣਾ ਨਹੀਂ ਚਾਹੀਦਾ । ਉਸ ਨੂੰ ਆਪਣੇ ਆਪ ਨੂੰ ਦੁਨੀਆਂ ਨੂੰ ਵਿਖਾਉਣਾ ਚਾਹੀਦਾ ਹੈ । ਉਨ੍ਹਾਂ ਨੂੰ ਵੀ ਵੇਖਣ ਦੇ ਜਿਹੜੇ ਕੰਮ ਤੂੰ ਕਰਦਾ ਹੈਂ ।” ੫ ਯਿਸੂ ਦੇ ਭਰਾਵਾਂ ਨੇ ਵੀ ਉਸ ਤੇ ਵਿਸ਼ਵਾਸ ਨਹੀਂ ਕੀਤਾ । ੬ ਯਿਸੂ ਨੇ ਆਪਣੇ ਭਰਾਵਾਂ ਨੂੰ ਕਿਹਾ, “ਹਾਲੇ ਮੇਰੇ ਲਈ ਠੀਕ ਸਮਾਂ ਨਹੀਂ ਆਇਆ ਹੈ ਪਰ ਤੁਹਾਡੇ ਲਈ ਕੋਈ ਵੀ ਸਮਾਂ ਠੀਕ ਹੈ । ੭ ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ । ਪਰ ਇਹ ਮੇਰੇ ਨਾਲ ਵੈਰ ਕਰਦਾ ਹੈ । ਕਿਉਂਕਿ ਮੈਂ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਉਹ ਬੁਰੇ ਕੰਮ ਕਰਦੇ ਹਨ । ੮ ਤੁਸੀਂ ਤਿਉਹਾਰ ਤੇ ਜਾਵੋ । ਇਸ ਵਾਰ ਮੈਂ ਤਿਉਹਾਰ ਤੇ ਨਹੀਂ ਜਾਂਵਾਂਗਾ । ਮੇਰੇ ਲਈ ਅਜੇ ਸਹੀ ਸਮਾਂ ਨਹੀਂ ਆਇਆ ।” ੯ ਇਹ ਆਖਣ ਤੋਂ ਬਾਅਦ ਯਿਸੂ ਗਲੀਲ ਵਿੱਚ ਹੀ ਰਿਹਾ ।
ਯਿਸੂ ਝੋਂਪੜੀਆਂ ਦੇ ਤਿਉਹਾਰ ਵਿੱਚ ਜਾਂਦਾ ਹੈ
੧੦ ਯਿਸੂ ਦੇ ਭਰਾ ਤਿਉਹਾਰ ਤੇ ਚਲੇ ਗਏ । ਉਨ੍ਹਾਂ ਦੇ ਜਾਣ ਤੋਂ ਬਾਅਦ, ਯਿਸੂ ਵੀ ਚਲਿਆ ਗਿਆ । ਪਰ ਉਹ ਲੋਕਾਂ ਸਾਹਮਣੇ ਨਹੀਂ ਸਗੋਂ ਗੁਪਤ ਤੌਰ ਤੇ ਗਿਆ । ੧੧ ਯਹੂਦੀ ਤਿਉਹਾਰ ਦੇ ਇਕੱਠ ਵਿੱਚ ਯਿਸੂ ਨੂੰ ਲੱਭਣ ਲੱਗੇ ਅਤੇ ਬੋਲੇ, “ਉਹ ਕਿੱਥੇ ਹੈ ? ” ੧੨ ਉੱਥੇ ਵੱਡੀ ਭੀੜ ਇਕੱਠੀ ਸੀ, ਕੁੱਝ ਲੋਕ ਆਪਸ ਵਿੱਚ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁੱਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ ।” ਕੁੱਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ।” ੧੩ ਪਰ ਇੰਨਾ ਦਲੇਰ ਉਨ੍ਹਾਂ ਵਿੱਚ ਕੋਈ ਵੀ ਨਹੀਂ ਸੀ ਜੋ ਖੁੱਲ੍ਹੇ ਆਮ ਉਸ ਬਾਰੇ ਗੱਲ ਕਰਦਾ ਕਿਉਂਕਿ ਲੋਕ ਯਹੂਦੀ ਆਗੂਆਂ ਤੋਂ ਡਰੇ ਹੋਏ ਸਨ ।
ਤਿਉਹਾਰ ਵਿੱਚ ਯਿਸੂ ਦਾ ਉਪਦੇਸ਼
੧੪ ਯਿਸੂ ਹੈਕਲ ਅੰਦਰ ਗਿਆ ਅਤੇ ਉਸ ਥਾਂ ਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ । ੧੫ ਯਹੂਦੀ ਅਚਰਜ ਮੰਨ ਕੇ ਬੋਲੇ, “ਇਹ ਮਨੁੱਖ ਕਦੇ ਵੀ ਪਾਠਸ਼ਾਲਾ ਨਹੀਂ ਗਿਆ । ਫ਼ੇਰ ਵੀ ਉਸ ਨੇ ਇਹ ਸਭ ਕਿਵੇਂ ਸਿੱਖਿਆ ? ” ੧੬ ਯਿਸੂ ਨੇ ਉੱਤਰ ਦਿੱਤਾ “ਜੋ ਬਚਨ ਮੈਂ ਦਿੰਦਾ ਹਾਂ, ਮੇਰੇ ਆਪਣੇ ਬਚਨ ਨਹੀਂ ਹਨ, ਸਗੋਂ ਉਸ ਤੋਂ ਆਉਂਦੇ ਹਨ ਜਿਸ ਨੇ ਮੈਨੂੰ ਭੇਜਿਆ ਹੈ । ੧੭ ਜੇਕਰ ਕੋਈ ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਸਿੱਖਿਆ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ । ੧੮ ਕੋਈ ਵੀ ਜੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ, ਆਪਣੇ ਆਪ ਦੀ ਵਡਿਆਈ ਕਰਨ ਲਈ ਕਰਦਾ ਹੈ । ਪਰ ਉਹ ਇੱਕ ਜਿਹੜਾ, ਉਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨੇ ਉਸ ਨੂੰ ਭੇਜਿਆ ਸੱਚਾ ਹੈ ਅਤੇ ਉਸ ਵਿੱਚ ਕੋਈ ਗਲਤੀ ਨਹੀਂ ਹੈ । ੧੯ ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਤੇ ਨਹੀਂ ਚੱਲਦਾ ! ਤੁਸੀਂ ਮੈਨੂੰ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋਏ ਹੋ ? ” ੨੦ ਲੋਕਾਂ ਨੇ ਉੱਤਰ ਦਿੱਤਾ, “ਤੇਰੇ ਅੰਦਰ ਭੂਤ ਹੈ ਜੋ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ? ” ੨੧ ਯਿਸੂ ਨੇ ਉੱਤਰ ਦਿੱਤਾ, “ਮੈਂ ਇੱਕ ਕੰਮ ਕੀਤਾ ਤੇ ਤੁਸੀਂ ਸਾਰੇ ਹੈਰਾਨ ਹੋ । ੨੨ ਮੂਸਾ ਨੇ ਤੁਹਾਨੂੰ ਸੁੰਨਤ ਬਾਰੇ ਬਿਵਸਥਾ ਦਿੱਤੀ । ਭਾਵੇਂ ਸੁੰਨਤ ਮੂਸਾ ਤੋਂ ਨਹੀਂ ਆਈ, ਇਹ ਸਾਡੇ ਪਿਉ-ਦਾਦਿਆਂ ਤੋਂ ਆਈ ਹੈ ਜੋ ਮੂਸਾ ਤੋਂ ਪਹਿਲਾਂ ਸਨ । ਇਸ ਲਈ ਕਈ ਵਾਰ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ । ੨੩ ਇਸ ਲਈ ਬਿਵਸਥਾ ਦੀ ਪਾਲਣਾ ਲਈ ਕਿਸੇ ਵੀ ਮਨੁੱਖ ਦੀ ਸੁੰਨਤ, ਸਬਤ ਦੇ ਦਿਨ ਵੀ, ਹੋ ਸਕਦੀ ਹੈ । ਤਾਂ ਫ਼ੇਰ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਕਿ ਮੈਂ ਮਨੁੱਖ ਦੇ ਪੂਰੇ ਸਰੀਰ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ ? ੨੪ ਕਿਸੇ ਚੀਜ਼ ਦੇ ਬਾਹਰੀ ਰੂਪ ਤੋਂ ਨਿਆਂ ਨਾ ਕਰੋ ਬਲਕਿ ਜੋ ਠੀਕ ਹੈ ਉਸ ਦੇ ਅਧਾਰ ਤੇ ਨਿਆਂ ਕਰੋ ।”
ਕੀ ਯਿਸੂ ਹੀ ਮਸੀਹ ਹੈ ?
੨੫ ਕੁੱਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੋ ਮਨੁੱਖ ਨਹੀਂ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ । ੨੬ ਪਰ ਉਹ ਖੁੱਲੇ-ਆਮ ਬਚਨ ਬੋਲ ਰਿਹਾ ਹੈ ਅਤੇ ਉਸ ਨੂੰ ਕੋਈ ਬਚਨ ਬੋਲਣ ਤੋਂ ਨਹੀਂ ਰੋਕ ਰਿਹਾ । ਜ਼ਰੂਰ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ । ੨੭ ਪਰ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ ? ” ੨੮ ਜਦੋਂ ਯਿਸੂ ਹੈਕਲ ਵਿੱਚ ਬਚਨ ਬੋਲ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ । ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ । ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ । ਪਰ ਤੁਸੀਂ ਉਸ ਨੂੰ ਨਹੀਂ ਜਾਣਦੇ । ੨੯ ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ । ਉਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ ।” ੩੦ ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਫੜ ਨਾ ਸਕਿਆ । ਕਿਉਂਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਠੀਕ ਸਮਾਂ ਨਹੀਂ ਸੀ । ੩੧ ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਹਾਂ । ਜਦੋਂ ਉਹ ਆਵੇਗਾ ਤਾਂ ਕੀ ਇਸ ਆਦਮੀ ਤੋਂ ਵੀ ਵਧ ਚਮਤਕਾਰ ਕਰੇਗਾ ?
ਯਿਸੂ ਨੂੰ ਫੜਨ ਦੀ ਕੋਸ਼ਿਸ਼
੩੨ ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਗੱਲਾਂ ਸੁਣੀਆਂ, ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਕੁੱਝ ਹੈਕਲ ਦੇ ਪਹਿਰੇਦਾਰਾਂ ਨੂੰ ਉਸ ਨੂੰ ਫੜਨ ਲਈ ਭੇਜਿਆ । ੩੩ ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜ੍ਹਾ ਚਿਰ ਹੋਰ ਮੈਂ ਤੁਹਾਡੇ ਕੋਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚਲਾ ਜਾਂਵਾਂਗਾ, ਜਿਸ ਨੇ ਮੈਨੂੰ ਭੇਜਿਆ ਹੈ । ੩੪ ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸਕੋਂਗੇ ਕਿਉਂਕਿ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਮੈਂ ਹਾਂ ।” ੩੫ ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸਕਦੇ ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ, ਜਿੱਥੇ ਸਾਡੇ ਲੋਕ ਰਹਿੰਦੇ ਹਨ ? ਕੀ ਉਹ ਉੱਥੇ ਯੂਨਾਨੀਆਂ ਨੂੰ ਬਚਨ ਸੁਨਾਉਣ ਜਾ ਰਿਹਾ ਹੈ ? ੩੬ ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਲੱਭ ਨਹੀਂ ਸਕੋਂਗੇ । ਅਤੇ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਜਿੱਥੇ ਮੈਂ ਹਾਂ । ਇਸ ਦਾ ਕੀ ਮਤਲਬ ਹੋਇਆ ? ”
ਜੀਵਨ ਜਲ ਦੇ ਦਰਿਆ
੩੭ ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖ਼ਾਸ ਦਿਨ ਸੀ । ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਬੋਲ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲੋਂ ਆ ਕੇ ਪੀਵੇ । ੩੮ ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੇ ਦਰਿਆ ਉਸ ਦੇ ਵਿੱਚੋਂ ਵਗਣਗੇ ।” ੩੯ ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ ਕਿਉਂਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂਕਿ ਹਾਲੇ ਯਿਸੂ ਆਪਣੀ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ । ੪੦ ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ । ਕੁੱਝ ਇੱਕ ਨੇ ਕਿਹਾ, “ਸੱਚ-ਮੁੱਚ ਇਹ ਉਹੀ ਨਬੀ ਹੈ ।” ੪੧ ਕੁੱਝ ਹੋਰਾਂ ਨੇ ਆਖਿਆ, “ਉਹ ਮਸੀਹ ਹੈ ।” ਕੁੱਝ ਨੇ ਆਖਿਆ, ਕੀ “ਮਸੀਹ ਗਲੀਲ ਵਿੱਚ ਆਵੇਗਾ ? ੪੨ ਕੀ ਇਹ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ ? ੪੩ ਇਸ ਲਈ ਲੋਕਾਂ ਦੀ ਯਿਸੂ ਬਾਰੇ ਆਪਸ ਵਿੱਚ ਫੁੱਟ ਪੈ ਗਈ ਸੀ । ੪੪ ਕੁੱਝ ਲੋਕ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ ।
ਯਹੂਦੀ ਆਗੂਆਂ ਦਾ ਅਵਿਸ਼ਵਾਸ
੪੫ ਇਸ ਲਈ ਹੈਕਲ ਦੇ ਪਹਿਰੇਦਾਰ ਫ਼ਰੀਸੀਆਂ ਅਤੇ ਮੁੱਖ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਯਿਸੂ ਨੂੰ ਫੜ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ ? ” ੪੬ ਪਹਿਰੇਦਾਰਾਂ ਨੇ ਅੱਗੋਂ ਆਖਿਆ, “ਅਜਿਹੇ ਬਚਨ ਕਦੇ ਕਿਸੇ ਹੋਰ ਮਨੁੱਖ ਨੇ ਨਹੀਂ ਕੀਤੇ ।” ੪੭ ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ ? ੪੮ ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ ? ਨਹੀਂ ! ੪੯ ਪਰ ਇਹ ਲੋਕ, ਜਿਨ੍ਹਾਂ ਨੂੰ ਬਿਵਸਥਾ ਦਾ ਨਹੀਂ ਪਤਾ, ਪਰਮੇਸ਼ੁਰ ਵਲੋਂ ਸਰਾਪੀ ਹਨ । ੫੦ ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ । ੫੧ ਕੀ ਸਾਡੀ ਬਿਵਸਥਾ ਕਿਸੇ ਨੂੰ ਉਸ ਦੀ ਸੁਣੇ ਅਤੇ ਜਾਣੇ ਬਿਨ੍ਹਾਂ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ ? ” ੫੨ ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਤੋਂ ਹੈ ? ੫੩ ਪੋਥੀਆਂ ਪੜ੍ਹੋ ਫ਼ਿਰ ਤੁਸੀਂ ਜਾਣੋਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ,” ਸਾਰੇ ਯਹੂਦੀ ਆਗੂ ਉੱਥੋਂ ਆਪਣੇ -ਆਪਣੇ ਘਰ ਚਲੇ ਗਏ ।