੧੪
ਹੋਸ਼ੇਆ ਦੀ ਇਸਰਾਏਲ ਨੂੰ ਬੇਨਤੀ
੧ ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ,
ਕਿਉਂ ਜੋ ਤੂੰ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ ।
੨ ਆਪਣੇ ਨਾਲ ਬਚਨਾਂ ਨੂੰ ਲੈ ਕੇ
ਯਹੋਵਾਹ ਵੱਲ ਮੁੜੋ,
ਉਹ ਨੂੰ ਆਖੋ,
ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ,
ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਭੇਟ ਚੜ੍ਹਾਵਾਂਗੇ ।
੩ ਅੱਸ਼ੂਰ ਸਾਨੂੰ ਨਹੀਂ ਬਚਾਵੇਗਾ,
ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ,
ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ''ਸਾਡਾ ਪਰਮੇਸ਼ੁਰ'' ਨਹੀਂ ਮੰਨਾਂਗੇ ।
ਤੇਰੇ ਕੋਲੋਂ ਯਤੀਮ ਰਹਿਮ ਨੂੰ ਪ੍ਰਾਪਤ ਕਰਦਾ ਹੈ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਲਈ ਨਵੇਂ ਜੀਵਨ ਦਾ ਵਾਅਦਾ
੪ ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ,
ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ,
ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ ।
੫ ਮੈਂ ਇਸਰਾਏਲ ਲਈ ਤ੍ਰੇਲ ਵਾਂਗੂੰ ਹੋਵਾਂਗਾ,
ਉਹ ਸੋਸਨ ਵਾਂਗੂੰ ਹਰਾ-ਭਰਾ ਹੋਵੇਗਾ,
ਅਤੇ ਲਬਾਨੋਨ ਵਾਂਗੂੰ ਆਪਣੀ ਜੜ੍ਹ ਫੜੇਗਾ ।
੬ ਉਹ ਦੀਆਂ ਟਹਿਣੀਆਂ ਫੈਲਣਗੀਆਂ,
ਉਹ ਦਾ ਸੁਹੱਪਣ ਜ਼ੈਤੂਨ ਦੇ ਰੁੱਖ ਵਾਂਗੂੰ ਹੋਵੇਗਾ,
ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਗੂੰ ।
੭ ਉਹ ਦੇ ਸਾਏ ਦੇ ਵਸਨੀਕ ਮੁੜਨਗੇ,
ਉਹ ਕਣਕ ਵਾਂਗੂੰ ਜੀਉਣਗੇ,
ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ,
ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ ।
੮ ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ ?
ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ,
ਮੈਂ ਹਰੇ ਸਰੂ ਵਾਂਗੂੰ ਹਾਂ,
ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ ।
ਸਾਰ
੯ ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ ?
ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ ?
ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ,
ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ,
ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ ।