੮
ਮੂਰਤੀ ਪੂਜਾ ਦੇ ਲਈ ਇਸਰਾਏਲ ਦਾ ਵਿਰੋਧ 
 ੧ ਆਪਣੇ ਬੁੱਲ੍ਹਾਂ ਨੂੰ ਤੁਰ੍ਹੀ ਲਾ ! 
ਉਹ ਉਕਾਬ ਵਾਂਗੂੰ ਯਹੋਵਾਹ ਦੇ ਭਵਨ ਉੱਤੇ ਹਨ, 
ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, 
ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ । 
 ੨ ਉਹ ਮੇਰੀ ਦੁਹਾਈ ਦਿੰਦੇ ਹਨ, - 
ਹੇ ਸਾਡੇ ਪਰਮੇਸ਼ੁਰ, ਅਸੀਂ ਜੋ ਇਸਰਾਏਲੀ ਹਾਂ, ਤੈਨੂੰ ਜਾਣਦੇ ਹਾਂ ! 
 ੩ ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ, 
ਵੈਰੀ ਉਹ ਦਾ ਪਿੱਛਾ ਕਰੇਗਾ । 
 ੪ ਉਹਨਾਂ ਨੇ ਰਾਜੇ ਬਣਾਏ, ਪਰ ਮੇਰੀ ਵੱਲੋਂ ਨਹੀਂ, 
ਉਹਨਾਂ ਨੇ ਹਾਕਮ ਠਹਿਰਾਏ, ਪਰ ਮੈਂ ਨਹੀਂ ਜਾਣਿਆ । 
ਉਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ, 
ਤਾਂ ਕਿ ਉਹ ਮਿਟਾਏ ਜਾਣ । 
 ੫ ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ ! 
ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ । 
ਉਹ ਕਦੋਂ ਸ਼ੁੱਧਤਾਈ ਤੱਕ ਪਹੁੰਚਣਗੇ ? 
 ੬ ਇਸਰਾਏਲ ਤੋਂ ਇਹ ਤਾਂ ਹੈ 
ਕਾਰੀਗਰ ਨੇ ਉਹ ਨੂੰ ਬਣਾਇਆ, 
ਅਤੇ ਉਹ ਪਰਮੇਸ਼ੁਰ ਨਹੀਂ ਹੈ, 
ਹਾਂ ਸਾਮਰਿਯਾ ਦਾ ਵੱਛਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ । 
 ੭ ਉਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ ! 
ਕੋਈ ਖੜ੍ਹੀ ਫ਼ਸਲ ਨਹੀਂ, 
ਸਿੱਟਾ ਆਟਾ ਨਹੀਂ ਦੇਵੇਗਾ, 
ਜੇ, ਦੇਵੇ ਵੀ ਤਾਂ ਓਪਰੇ ਉਹ ਨੂੰ ਨਿਗਲ ਲੈਣਗੇ ! 
 ੮ ਇਸਰਾਏਲ ਨਿਗਲਿਆ ਗਿਆ, 
ਹੁਣ ਉਹ ਕੌਮਾਂ ਦੇ ਵਿੱਚ ਨਾ-ਪਸੰਦ ਬਰਤਨ ਵਰਗਾ ਹੈ । 
 ੯ ਕਿਉਂ ਜੋ ਉਹ ਅੱਸ਼ੂਰ ਨੂੰ ਚੱਲੇ ਗਏ ਹਨ, 
ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ । 
ਅਫ਼ਰਾਈਮ ਨੇ ਕਿਰਾਏ ਉੱਤੇ ਯਾਰ ਲਏ ਹਨ । 
 ੧੦ ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ, 
ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ । 
ਉਹ ਰਾਜੇ ਅਤੇ ਹਾਕਮਾਂ ਦੇ ਭਾਰ ਤੋਂ ਘੱਟ ਹੋਣ ਲੱਗੇ । 
 ੧੧ ਇਸ ਲਈ ਕਿ ਅਫ਼ਰਾਈਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ, 
ਉਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ । 
 ੧੨ ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ, 
ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ । 
 ੧੩ ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ 
ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, 
ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ । 
ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ, 
ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, - 
ਉਹ ਮਿਸਰ ਨੂੰ ਮੁੜ ਜਾਣਗੇ । 
 ੧੪ ਇਸਰਾਏਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ, 
ਅਤੇ ਮਹਿਲ ਬਣਾਏ, 
ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, 
ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਭੇਜਾਂਗਾ, 
ਅਤੇ ਉਹ ਉਸ ਦੇ ਕਿਲਿਆਂ ਨੂੰ ਭਸਮ ਕਰ ਦੇਵੇਗੀ ।