੧੮
ਲੇਵੀਆਂ ਅਤੇ ਜਾਜਕਾਂ ਦਾ ਹਿੱਸਾ
੧ ਲੇਵੀ ਜਾਜਕਾਂ ਸਗੋਂ ਲੇਵੀ ਦੇ ਸਾਰੇ ਗੋਤ ਦਾ ਇਸਰਾਏਲ ਦੇ ਨਾਲ ਕੋਈ ਭਾਗ ਜਾਂ ਵਿਰਾਸਤ ਨਾ ਹੋਵੇਗੀ । ਉਹ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ । ੨ ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ । ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ । ੩ ਪਰਜਾ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ - ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ । ੪ ਤੁਸੀਂ ਆਪਣੀ ਪਹਿਲੀ ਉਪਜ ਦਾ ਅੰਨ, ਨਵੀਂ ਮਧ ਅਤੇ ਤੇਲ ਅਤੇ ਆਪਣੇ ਇੱਜੜ ਦੀ ਪਹਿਲੀ ਕਤਰੀ ਹੋਈ ਉੱਨ, ਉਸ ਨੂੰ ਦਿਓ, ੫ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨ ਲਈ ਸਦਾ ਖੜ੍ਹੇ ਰਿਹਾ ਕਰਨ ।
੬ ਫੇਰ ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚੋਂ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ, ੭ ਤਦ ਉਹ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਵਿੱਚ ਟਹਿਲ ਸੇਵਾ ਕਰੇਗਾ, ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ, ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜ੍ਹੇ ਰਹਿੰਦੇ ਹਨ । ੮ ਜੋ ਕੁਝ ਉਸ ਨੂੰ ਆਪਣੇ ਪਿਉ-ਦਾਦਿਆਂ ਦੀ ਜਾਇਦਾਦ ਦੀ ਵਿੱਕਰੀ ਤੋਂ ਮਿਲੇ, ਉਸ ਨੂੰ ਛੱਡ ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ ।
ਮੂਰਤੀ ਪੂਜਾ ਦੀਆਂ ਬਿਧੀਆਂ ਤੋਂ ਸਾਵਧਾਨ
੯ ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ । ੧੦ ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ, ੧੧ ਜਾਂ ਝਾੜਾ ਫੂਕੀ ਕਰਨ ਵਾਲਾ, ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ । ੧੨ ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ । ੧੩ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ ।
ਇੱਕ ਨਬੀ ਭੇਜਣ ਦਾ ਵਾਅਦਾ
੧੪ ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ । ੧੫ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ, ਤੁਸੀਂ ਉਸ ਦੀ ਸੁਣਿਓ । ੧੬ ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਹਾੜ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, “ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ । “ ੧੭ ਤਦ ਯਹੋਵਾਹ ਨੇ ਮੈਨੂੰ ਆਖਿਆ, “ਉਹ ਜੋ ਕੁਝ ਆਖਦੇ ਹਨ, ਸੋ ਠੀਕ ਆਖਦੇ ਹਨ । ੧੮ ਮੈਂ ਉਨ੍ਹਾਂ ਦੇ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ, ਉਨ੍ਹਾਂ ਨੂੰ ਦੱਸੇਗਾ । ੧੯ ਤਦ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਉਨ੍ਹਾਂ ਸ਼ਬਦ ਨੂੰ ਨਾ ਸੁਣੇਗਾ, ਜੋ ਉਹ ਮੇਰੇ ਨਾਮ ਤੋਂ ਬੋਲੇਗਾ, ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ । ੨੦ ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ । “ ੨੧ ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ ? “ ੨੨ ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ । ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ ।