੭
ਇਸਤੀਫ਼ਾਨ ਦਾ ਉਪਦੇਸ਼ ਅਤੇ ਮੌਤ 
 ੧ ਪ੍ਰਧਾਨ ਜਾਜਕ ਨੇ ਪੁੱਛਿਆ, ਕੀ ਇਹ ਗੱਲਾਂ ਇਸ ਤਰ੍ਹਾਂ ਹੀ ਹਨ ?  ੨ ਤਾਂ ਉਹ ਬੋਲਿਆ, ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ । ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦੋਂ ਉਹ ਮੈਸੋਪਟਾਮਿਆ ਵਿੱਚ ਸੀ, ਉਸ ਨੂੰ ਤੇਜ ਰੂਪ ਵਿੱਚ ਪਰਮੇਸ਼ੁਰ ਨੇ ਦਰਸ਼ਣ ਦਿੱਤਾ ।  ੩ ਅਤੇ ਉਹ ਨੂੰ ਆਖਿਆ, ਤੂੰ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਜਾ ।  ੪ ਤਦ ਉਹ ਕਸਦੀਆਂ ਦੇ ਦੇਸ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ ਪਰਮੇਸ਼ੁਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ ਵਿੱਚ ਵਸਾਇਆ, ਜਿੱਥੇ ਹੁਣ ਤੁਸੀਂ ਰਹਿੰਦੇ ਹੋ ।  ੫ ਪਰਮੇਸ਼ੁਰ ਨੇ ਉਸ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸ ਨੇ ਵਾਇਦਾ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੀ ਅੰਸ ਨੂੰ ਦਿਆਂਗਾ ਭਾਵੇਂ ਉਸ ਦੇ ਕੋਲ ਅਜੇ ਕੋਈ ਪੁੱਤਰ ਨਹੀਂ ਸੀ ।  ੬ ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਕਿ ਤੇਰੀ ਅੰਸ ਪਰਦੇਸ ਵਿੱਚ ਜਾ ਕੇ ਰਹੇਗੀ ਅਤੇ ਉਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌਂ ਸਾਲ ਤੱਕ ਉਹ ਦੁੱਖ ਦੇਣਗੇ ।  ੭ ਫੇਰ ਪਰਮੇਸ਼ੁਰ ਨੇ ਆਖਿਆ, ਮੈਂ ਉਸ ਕੌਮ ਉੱਤੇ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ, ਅਤੇ ਉਸ ਤੋਂ ਬਾਅਦ ਉਹ ਛੁੱਟ ਜਾਣਗੇ ਅਤੇ ਇਸੇ ਥਾਂ ਵਿੱਚ ਮੇਰੀ ਬੰਦਗੀ ਕਰਨਗੇ ।  ੮ ਅਤੇ ਉਸ ਨੇ ਉਹਨਾਂ ਦੇ ਨਾਲ ਸੁੰਨਤ ਦਾ ਨੇਮ ਬੰਨਿਆ, ਇਸ ਤਰ੍ਹਾਂ ਉਹ ਦੇ ਇਸਹਾਕ ਜੰਮਿਆ ਅਤੇ ਉਹ ਨੇ ਅੱਠਵੇਂ ਦਿਨ ਉਹ ਦੀ ਸੁੰਨਤ ਕੀਤੀ ਅਤੇ ਇਸਹਾਕ ਦੇ ਘਰ ਯਾਕੂਬ ਜੰਮਿਆ ਅਤੇ ਯਾਕੂਬ ਦੇ ਘਰ ਬਾਰਾਂ ਗੋਤਾਂ ਦੇ ਸਰਦਾਰ ਜੰਮੇ ।  ੯ ਅਤੇ ਉਨ੍ਹਾਂ ਸਰਦਾਰਾਂ ਨੇ ਯੂਸੁਫ਼ ਨਾਲ ਵਿਰੋਧ ਕਰ ਕੇ ਉਹ ਨੂੰ ਵੇਚ ਦਿੱਤਾ ਕਿ ਉਹ ਨੂੰ ਮਿਸਰ ਵਿੱਚ ਲੈ ਜਾਣ, ਫਿਰ ਵੀ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ ।  ੧੦ ਅਤੇ ਪਰਮੇਸ਼ੁਰ ਨੇ ਉਹ ਦੇ ਸਾਰੇ ਦੁੱਖਾਂ ਤੋਂ ਛੁਡਾਇਆ ਅਤੇ ਉਹ ਨੂੰ ਮਿਸਰ ਦੇ ਪਾਤਸ਼ਾਹ ਫ਼ਿਰਊਨ ਦੇ ਸਾਹਮਣੇ ਉਸ ਨੂੰ ਕਿਰਪਾ ਅਤੇ ਬੁੱਧ ਦਿੱਤੀ ਤਾਂ ਰਾਜੇ ਨੇ ਉਸ ਨੂੰ ਆਪਣੇ ਸਾਰੇ ਘਰ ਦਾ ਅਧਿਕਾਰੀ ਬਣਾਇਆ ।  ੧੧ ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਉ-ਦਾਦਿਆਂ ਨੂੰ ਅਨਾਜ਼ ਨਹੀਂ ਮਿਲਿਆ ।  ੧੨ ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ਼ ਹੈ ਤਾਂ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ ।  ੧੩ ਅਤੇ ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕੀਤਾ, ਅਤੇ ਫ਼ਿਰਊਨ ਨੂੰ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ ।  ੧੪ ਤਦ ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਘਰਾਣੇ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ ।  ੧੫ ਯਾਕੂਬ ਮਿਸਰ ਨੂੰ ਗਿਆ ਅਤੇ ਉਹ ਆਪ ਮਰ ਗਿਆ ਅਤੇ ਸਾਡੇ ਪਿਉ-ਦਾਦੇ ਵੀ ।  ੧੬ ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਅਤੇ ਉਸ ਕਬਰਸਤਾਨ ਵਿੱਚ ਦੱਬੇ ਗਏ ਜੋ ਹਮੋਰ ਦੇ ਪੁੱਤਰਾਂ ਤੋਂ ਮੁੱਲ ਲਿਆ ਸੀ ।  ੧੭ ਪਰ ਜਦੋਂ ਉਸ ਵਾਇਦੇ ਦੇ ਪੂਰੇ ਹੋਣ ਦਾ ਸਮਾਂ ਆਇਆ ਜੋ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਉਹ ਲੋਕ ਮਿਸਰ ਵਿੱਚ ਬਹੁਤ ਵਧਣ ਲੱਗੇ ।  ੧੮ ਉਸ ਸਮੇਂ ਮਿਸਰ ਵਿੱਚ ਇੱਕ ਹੋਰ ਪਾਤਸ਼ਾਹ ਬਣਿਆ, ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ ।  ੧੯ ਉਹ ਨੇ ਸਾਡੀ ਕੌਮ ਨਾਲ ਚਲਾਕੀ ਕਰ ਕੇ ਸਾਡੇ ਪਿਉ-ਦਾਦਿਆਂ ਨੂੰ ਤੰਗ ਕੀਤਾ, ਕਿ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਤਾਂ ਜੋ ਉਹ ਜਿਉਂਦੇ ਨਾ ਰਹਿਣ ।  ੨੦ ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਬਹੁਤ ਸੋਹਣਾ ਸੀ । ਉਹ ਤਿੰਨ ਮਹੀਨਿਆਂ ਤੱਕ ਆਪਣੇ ਪਿਉ ਦੇ ਘਰ ਵਿੱਚ ਪਲਦਾ ਰਿਹਾ ।  ੨੧ ਅਤੇ ਜਦੋਂ ਉਹ ਬਾਹਰ ਸੁੱਟਿਆ ਗਿਆ ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਚੁੱਕ ਲਿਆ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ ।  ੨੨ ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮਾਂ ਅਤੇ ਬੋਲਣ ਵਿੱਚ ਸਮਰੱਥ ਸੀ ।  ੨੩ ਜਦੋਂ ਉਹ ਚਾਲ੍ਹੀ ਸਾਲਾਂ ਦਾ ਹੋਣ ਲੱਗਾ, ਤਦ ਉਹ ਦੇ ਮਨ ਵਿੱਚ ਆਇਆ ਕਿ ਮੈਂ ਜਾ ਕੇ ਆਪਣੇ ਇਸਰਾਏਲੀ ਭਰਾਵਾਂ ਦੀ ਖ਼ਬਰ ਲਵਾਂ ।  ੨੪ ਤਦ ਉਸ ਨੇ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਹੁੰਦਾ ਵੇਖਿਆ, ਤਾਂ ਉਹ ਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਇਸਰਾਏਲੀ ਮਨੁੱਖ ਦਾ ਬਦਲਾ ਲੈ ਲਿਆ ।  ੨੫ ਤਾਂ ਉਸ ਨੇ ਸੋਚਿਆ ਕਿ ਮੇਰੇ ਭਰਾਂ ਸਮਝਣਗੇ ਜੋ ਪਰਮੇਸ਼ੁਰ ਮੇਰੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ ।  ੨੬ ਫਿਰ ਦੂਜੇ ਦਿਨ ਜਦੋਂ ਉਹ ਆਪਸ ਵਿੱਚ ਲੜਦੇ ਸਨ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਰਾ ਭਰਾ ਹੋ । ਫਿਰ ਕਿਉਂ ਇੱਕ ਦੂਜੇ ਨਾਲ ਲੜਦੇ ਹੋ ?  ੨੭ ਪਰ ਜਿਹੜਾ ਆਪਣੇ ਗੁਆਂਢੀ ਦੇ ਨਾਲ ਲੜਦਾ ਸੀ ਉਸ ਨੇ ਉਹ ਨੂੰ ਧੱਕਾ ਮਾਰ ਕੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਨਿਆਈਂ ਬਣਾਇਆ ਹੈ ?  ੨੮ ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰ ਦਿੱਤਾ ਸੀ ?  ੨੯ ਇਸ ਗੱਲ ਨੂੰ ਸੁਣ ਕੇ ਮੂਸਾ ਭੱਜ ਗਿਆ ਅਤੇ ਮਿਦਯਾਨ ਦੇਸ ਵਿੱਚ ਜਾ ਰਹਿਣ ਲੱਗਾ । ਉੱਥੇ ਉਹ ਦੇ ਦੋ ਪੁੱਤਰ ਹੋਏ ।  ੩੦ ਅਤੇ ਜਦੋਂ ਚਾਲ੍ਹੀ ਸਾਲ ਬੀਤ ਗਏ ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋ ਵਿੱਚ ਝਾੜੀ ਵਿੱਚ ਉਹ ਨੂੰ ਵਿਖਾਈ ਦਿੱਤਾ ।  ੩੧ ਮੂਸਾ ਨੇ ਉਸ ਦਰਸ਼ਣ ਨੂੰ ਦੇਖ ਕੇ ਅਚਰਜ ਮੰਨਿਆ ਅਤੇ ਜਦੋਂ ਦੇਖਣ ਲਈ ਨੇੜੇ ਗਿਆ ਤਾਂ ਪ੍ਰਭੂ ਦੀ ਅਵਾਜ਼ ਆਈ ।  ੩੨ ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ੁਰ ਹਾਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ, ਤਦ ਮੂਸਾ ਕੰਬ ਉੱਠਿਆ ਅਤੇ ਦੇਖਣ ਦਾ ਹੌਂਸਲਾ ਨਾ ਕਰ ਸਕਿਆ ।  ੩੩ ਤਦ ਪ੍ਰਭੂ ਨੇ ਉਹ ਨੂੰ ਆਖਿਆ, ਕਿ ਆਪਣਿਆਂ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈ ਪਵਿੱਤਰ ਧਰਤੀ ਹੈ ।  ੩੪ ਮੈਂ ਦ੍ਰਿਸ਼ਟੀ ਕਰ ਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿੱਚ ਹਨ, ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੌਕੇ ਸੁਣ ਕੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ ਸੋ ਹੁਣ ਤੂੰ ਆ, ਮੈਂ ਤੈਨੂੰ ਮਿਸਰ ਵਿੱਚ ਭੇਜਾਂਗਾ ।  ੩੫ ਉਸ ਮੂਸਾ ਨੂੰ ਉਨ੍ਹਾਂ ਨੇ ਇਨਕਾਰ ਕਰ ਕੇ ਕਿਹਾ, ਤੈਨੂੰ ਕਿਸ ਨੇ ਅਧਿਕਾਰੀ ਅਤੇ ਨਿਆਈਂ ਬਣਾਇਆ ? ਉਸੇ ਨੂੰ ਪਰਮੇਸ਼ੁਰ ਨੇ ਉਸ ਦੂਤ ਦੇ ਹੱਥੀਂ ਜੋ ਉਹ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਭੇਜਿਆ ।  ੩੬ ਇਹੋ ਮਨੁੱਖ ਮਿਸਰ, ਲਾਲ ਸਮੁੰਦਰ, ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਅਚਰਜ ਕੰਮ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲੈ ਆਇਆ ।  ੩੭ ਇਹ ਉਹ ਮੂਸਾ ਹੈ, ਜਿਸ ਨੇ ਇਸਰਾਏਲੀਆਂ ਨੂੰ ਆਖਿਆ, ਕਿ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ ।  ੩੮ ਇਹ ਉਹ ਹੀ ਹੈ ਜੋ ਉਜਾੜ ਦੀ ਸਭਾ ਵਿੱਚ ਉਸ ਦੂਤ ਦੇ ਨਾਲ ਜਿਹੜਾ ਸੀਨਈ ਦੇ ਪਹਾੜ ਉੱਤੇ ਉਹ ਦੇ ਨਾਲ ਬੋਲਿਆ ਅਤੇ ਸਾਡੇ ਪਿਉ-ਦਾਦਿਆਂ ਦੇ ਨਾਲ ਸੀ, ਅਤੇ ਉਸ ਨੇ ਪਰਮੇਸ਼ੁਰ ਦੇ ਜਿਉਂਦੇ ਬਚਨ ਪਾਏ ਕਿ ਸਾਨੂੰ ਦੇਵੇ ।  ੩੯ ਪਰ ਸਾਡੇ ਪਿਉ-ਦਾਦਿਆਂ ਨੇ ਉਹ ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ ।  ੪੦ ਅਤੇ ਉਨ੍ਹਾਂ ਨੇ ਹਾਰੂਨ ਨੂੰ ਆਖਿਆ, ਕਿ ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਕਿ ਉਹ ਨੂੰ ਕੀ ਹੋਇਆ ।  ੪੧ ਤਾਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤੀ ਅੱਗੇ ਬਲੀ ਚੜਾਈ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ ।  ੪੨ ਪਰ ਪਰਮੇਸ਼ੁਰ ਨੇ ਉਨ੍ਹਾਂ ਤੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾਂ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, “ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੈਨੂੰ ਉਜਾੜ ਵਿੱਚ ਚਾਲ੍ਹੀ ਸਾਲਾਂ ਤੱਕ ਭੇਟ ਅਤੇ ਬਲੀਦਾਨ ਮੈਨੂੰ ਹੀ ਚੜਾਏ ? ”  ੪੩ ਅਤੇ ਤੁਸੀਂ ਮੋਲੋਕ ਦੇ ਤੰਬੂ, ਅਤੇ ਰਿਫ਼ਾਨ ਦਿਉਤੇ ਦੇ ਤਾਰੇ ਨੂੰ, ਅਰਥਾਤ ਉਨ੍ਹਾਂ ਮੂਰਤਾਂ ਨੂੰ ਚੁੱਕੀ ਫਿਰਦੇ ਹੋ ਜਿਹੜੀਆਂ ਤੁਸੀਂ ਆਪਣੇ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬੁਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ । 
 ੪੪ ਗਵਾਹੀ ਦਾ ਡੇਰਾ ਉਜਾੜ ਵਿੱਚ ਸਾਡੇ ਪਿਉ-ਦਾਦਿਆਂ ਦੇ ਕੋਲ ਸੀ, ਜਿਵੇਂ ਉਸ ਨੇ ਆਗਿਆ ਦਿੱਤੀ ਜਿਹਨਾਂ ਮੂਸਾ ਨੂੰ ਆਖਿਆ ਸੀ ਕਿ, ਉਹ ਨੂੰ ਉਸ ਤੰਬੂ ਦੇ ਨਮੂਨੇ ਦੀ ਤਰ੍ਹਾਂ ਬਣਾ ਜੋ ਤੂੰ ਵੇਖਿਆ ਹੈ ।  ੪੫ ਅਤੇ ਉਸ ਨੂੰ ਸਾਡੇ ਪਿਉ-ਦਾਦਿਆਂ ਤੋਂ ਲੈ ਕੇ ਯਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ ਅਤੇ ਉਹ ਡੇਰਾ ਦਾਊਦ ਦੇ ਦਿਨਾਂ ਤੱਕ ਰਿਹਾ ।  ੪੬ ਦਾਊਦ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ ਤਾਂ ਦਾਊਦ ਨੇ ਚਾਹਿਆ ਕਿ ਉਹ ਯਾਕੂਬ ਦੇ ਪਰਮੇਸ਼ੁਰ ਦੇ ਲਈ ਇੱਕ ਡੇਰਾ ਬਣਾਵੇ ।  ੪੭ ਪਰ ਸੁਲੇਮਾਨ ਨੇ ਹੀ ਉਹ ਦੇ ਲਈ ਇੱਕ ਭਵਨ ਬਣਾਇਆ ।  ੪੮ ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਜਿਸ ਤਰ੍ਹਾਂ ਨਬੀ ਕਹਿੰਦਾ ਹੈ,  ੪੯ ਸਵਰਗ ਮੇਰਾ ਸਿੰਘਾਸਣ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਭਵਨ ਬਣਾਓਗੇ ? ਪ੍ਰਭੂ ਆਖਦਾ ਹੈ, ਅਤੇ ਕਿਹੜੀ ਥਾਂ ਮੇਰੇ ਆਰਾਮ ਦੇ ਲਈ ਹੋ ਸਕਦੀ ਹੈ ?  ੫੦ ਕੀ ਮੇਰੇ ਹੀ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ ? 
 ੫੧ ਹੇ ਹਠੀਲੇ ਲੋਕੋ, ਤੁਹਾਡੇ ਮਨ ਅਤੇ ਕੰਨ ਬੇਸੁੰਨਤ ਹਨ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਆਏ ਹੋ ! ਤੁਸੀਂ ਵੀ ਉਸ ਤਰ੍ਹਾਂ ਕਰਦੇ ਹੋ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ।  ੫੨ ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ ।  ੫੩ ਤੁਸੀਂ ਬਿਵਸਥਾ ਨੂੰ ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ । 
ਇਸਤੀਫ਼ਾਨ ਉੱਤੇ ਪਥਰਾਓ 
 ੫੪ ਇਹ ਗੱਲਾਂ ਸੁਣਦੇ ਹੀ ਉਹ ਗੁੱਸੇ ਨਾਲ ਭਰ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ ।  ੫੫ ਪਰ ਉਹ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਅਕਾਸ਼ ਦੀ ਵੱਲ ਦੇਖਿਆ, ਪਰਮੇਸ਼ੁਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਿਆ ।  ੫੬ ਅਤੇ ਕਿਹਾ, ਵੇਖੋ ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ !  ੫੭ ਪਰ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇੱਕ ਮਨ ਹੋ ਕੇ ਉਹ ਦੇ ਉੱਤੇ ਟੁੱਟ ਪਏ ।  ੫੮ ਅਤੇ ਉਸ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਕੇ ਉਸ ਉੱਤੇ ਪਥਰਾਹ ਕੀਤਾ ਅਤੇ ਗਵਾਹਾਂ ਨੇ ਆਪਣੇ ਕੱਪੜੇ ਸੌਲੁਸ ਨਾਮ ਦੇ ਇੱਕ ਜਵਾਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ ।  ੫੯ ਉਨ੍ਹਾਂ ਨੇ ਇਸਤੀਫ਼ਾਨ ਉੱਤੇ ਪਥਰਾਹ ਕੀਤਾ ਜਦੋਂ ਉਹ ਬੇਨਤੀ ਕਰਦਾ ਹੋਇਆ ਇਹ ਆਖਦਾ ਸੀ ਕਿ ਹੇ ਪ੍ਰਭੂ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ !  ੬੦ ਫਿਰ ਉਹ ਗੋਡਿਆਂ ਤੇ ਆ ਕੇ ਉੱਚੀ ਆਵਾਜ਼ ਨਾਲ ਬੋਲਿਆ ਕਿ, ਹੇ ਪ੍ਰਭੂ ਇਹ ਪਾਪ ਉਨ੍ਹਾਂ ਦੇ ਉੱਪਰ ਨਾ ਆਵੇ, ਅਤੇ ਇਹ ਕਹਿ ਕੇ ਉਹ ਸੌਂ ਗਿਆ l