੧੯
ਯਹੋਸ਼ਾਫ਼ਾਟ ਨੂੰ ਨਬੀ ਦੀ ਫਟਕਾਰ
੧ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਸਲਾਮਤੀ ਨਾਲ ਮੁੜਿਆ । ੨ ਤਦ ਹਨਾਨੀ ਗੈਬਦਾਨ ਦਾ ਪੁੱਤਰ ਯੇਹੂ ਉਸ ਦੇ ਮਿਲਣ ਲਈ ਨਿੱਕਲਿਆ ਅਤੇ ਯਹੋਸ਼ਾਫ਼ਾਟ ਪਾਤਸ਼ਾਹ ਨੂੰ ਆਖਿਆ, ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਹੋਵਾਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ ? ਇਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ ੩ ਤਾਂ ਵੀ ਤੇਰੇ ਵਿੱਚ ਗੁਣ ਹਨ ਕਿਉਂ ਜੋ ਤੂੰ ਟੁੰਡਾਂ ਨੂੰ ਦੇਸ ਵਿੱਚੋਂ ਦਫ਼ਾ ਕੀਤਾ ਅਤੇ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਹੈ ।
ਯਹੋਸ਼ਾਫ਼ਾਟ ਦੁਆਰਾ ਸੁਧਾਰ
੪ ਯਹੋਸ਼ਾਫ਼ਾਟ ਯਰੂਸ਼ਲਮ ਵਿੱਚ ਰਹਿੰਦਾ ਸੀ ਅਤੇ ਉਸ ਨੇ ਫੇਰ ਬਏਰਸਬਾ ਤੋਂ ਅਫਰਾਈਮ ਦੇ ਪਹਾੜਾਂ ਤੱਕ ਲੋਕਾਂ ਦੇ ਵਿਚਕਾਰ ਫਿਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵੱਲ ਮੋੜਿਆ ੫ ਅਤੇ ਉਸ ਨੇ ਯਹੂਦਾਹ ਦੇ ਸਾਰੇ ਗੜਾਂ ਵਾਲੇ ਸ਼ਹਿਰਾਂ ਵਿੱਚ ਨਿਆਈਂ ਸ਼ਹਿਰ ਸ਼ਹਿਰ ਮੁਕੱਰਰ ਕੀਤੇ ੬ ਅਤੇ ਨਿਆਈਆਂ ਨੂੰ ਆਖਿਆ ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਉਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ ੭ ਹੁਣ ਯਹੋਵਾਹ ਦਾ ਭੈ ਤੁਹਾਡੇ ਮਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਪਰਮੇਸ਼ੁਰ ਯਹੋਵਾਹ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਵੱਢੀ ਚੱਲਦੀ ਹੈ ੮ ਅਤੇ ਯਰੂਸ਼ਲਮ ਵਿੱਚ ਵੀ ਯਹੋਸ਼ਾਫ਼ਾਟ ਨੇ ਲੇਵੀਆਂ ਅਤੇ ਜਾਜਕਾਂ ਅਤੇ ਇਸਰਾਏਲ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਲੋਕਾਂ ਨੂੰ ਯਹੋਵਾਹ ਦੇ ਨਿਆਵਾਂ ਅਤੇ ਝਗੜਿਆਂ ਲਈ ਮੁਕੱਰਰ ਕੀਤਾ, ਤਾਂ ਉਹ ਯਰੂਸ਼ਲਮ ਨੂੰ ਮੁੜੇ ੯ ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਅਤੇ ਆਖਿਆ, ਕਿ ਤੁਸੀਂ ਯਹੋਵਾਹ ਦੇ ਭੈ ਦਿਆਨਤਦਾਰੀ ਅਤੇ ਪੂਰੇ ਦਿਲ ਨਾਲ ਅਜਿਹਾ ਕਰਨਾ । ੧੦ ਜਦ ਕਦੀ ਤੁਹਾਡੇ ਭਰਾਵਾਂ ਵੱਲੋਂ ਜਿਹੜੇ ਉਨ੍ਹਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੋਈ ਝਗੜਾ ਤੁਹਾਡੇ ਸਾਹਮਣੇ ਆਵੇ ਜੋ ਆਪਸ ਦੇ ਖੂਨ ਜਾਂ ਬਿਵਸਥਾ ਅਤੇ ਹੁਕਮਨਾਮੇ ਜਾਂ ਬਿਧੀਆਂ ਜਾਂ ਨਿਆਵਾਂ ਨਾਲ ਵਾਸਤਾ ਰੱਖਦਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਸਮਝਾਉਣਾ ਕਿ ਉਹ ਯਹੋਵਾਹ ਦੇ ਵਿਰੁੱਧ ਪਾਪ ਨਾ ਕਰਨ ਜਿਸ ਨਾਲ ਤੁਹਾਡੇ ਉੱਤੇ ਅਤੇ ਤੁਹਾਡੇ ਭਰਾਵਾਂ ਉੱਤੇ ਕਹਿਰ ਉਤਰੇ । ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ ੧੧ ਅਤੇ ਵੇਖੋ, ਯਹੋਵਾਹ ਦੇ ਸਾਰੇ ਕੰਮਾਂ ਵਿੱਚ ਅਮਰਯਾਹ ਪ੍ਰਧਾਨ ਜਾਜਕ ਤੁਹਾਡਾ ਮੁਖੀਆ ਹੈ ਅਤੇ ਪਾਤਸ਼ਾਹ ਦੇ ਸਾਰੇ ਕੰਮਾਂ ਵਿੱਚ ਇਸ਼ਮਾਏਲ ਦਾ ਪੁੱਤਰ ਜ਼ਬਦਯਾਹ ਹੈ ਜੋ ਯਹੂਦਾਹ ਦੇ ਘਰਾਣੇ ਦਾ ਹਾਕਮ ਹੈ ਅਤੇ ਲੇਵੀ ਵੀ ਤੁਹਾਡੇ ਅੱਗੇ ਹੁੱਦੇਦਾਰ ਹੋਣਗੇ । ਤਕੜੇ ਹੋ ਕੇ ਕੰਮ ਕਰੋ ਅਤੇ ਯਹੋਵਾਹ ਭਲੇ ਪੁਰਸ਼ਾਂ ਦੇ ਨਾਲ ਹੋਵੇ ।