੧੭
ਗੋਲੀਅਥ ਵੱਲੋਂ ਸਾਰੇ ਇਸਰਾਏਲ ਨੂੰ ਚਣੌਤੀ 
 ੧ ਹੁਣ ਫ਼ਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ ਅਤੇ ਸੋਕੋਹ ਅਤੇ ਅਜ਼ੇਕਾਹ ਦੇ ਵਿਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ ।  ੨ ਸ਼ਾਊਲ ਅਤੇ ਇਸਰਾਏਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾਹ ਦੀ ਘਾਟੀ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫ਼ਲਿਸਤੀਆਂ ਦੇ ਸਾਹਮਣੇ ਕਤਾਰਾਂ ਬੰਨ੍ਹੀਆਂ ।  ੩ ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖੜ੍ਹੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਉਨ੍ਹਾਂ ਦੋਹਾਂ ਦੇ ਵਿਚਕਾਰ ਇੱਕ ਘਾਟੀ ਸੀ ।  ੪ ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲਿਅਥ ਨਾਂ ਦਾ ਇੱਕ ਸੂਰਮਾ ਮਨੁੱਖ ਨਿੱਕਲਿਆ । ਉਹ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ ਸੀ ।  ੫ ਅਤੇ ਉਹ ਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ ਡੇਢ ਮਣ ਪਿੱਤਲ ਦੀ ਸੀ ।  ੬ ਅਤੇ ਉਹ ਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹ ਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ ।  ੭ ਅਤੇ ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹ ਦੇ ਬਰਛੇ ਦਾ ਫਲ ਸਾਢੇ ਸੱਤ ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹ ਦੇ ਅੱਗੇ ਤੁਰਦਾ ਸੀ ।  ੮ ਸੋ ਉਹ ਨਿੱਕਲ ਕੇ ਖੜ੍ਹਾ ਹੋਇਆ ਅਤੇ ਇਸਰਾਏਲ ਦੇ ਦਲਾਂ ਵੱਲ ਉਹ ਨੇ ਪੁਕਾਰ ਕੇ ਆਖਿਆ, ਤੁਸੀਂ ਲੜਾਈ ਦੇ ਲਈ ਕਿਉਂ ਕਤਾਰ ਬੰਨ੍ਹੀ ਹੈ ? ਕੀ, ਮੈਂ ਫ਼ਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਦਾਸ ਨਹੀਂ ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ ।  ੯ ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗ਼ੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗ਼ੁਲਾਮ ਹੋਵੋਗੇ ਅਤੇ ਸਾਡੀ ਗ਼ੁਲਾਮੀ ਕਰੋਗੇ ।  ੧੦ ਫੇਰ ਉਹ ਫ਼ਲਿਸਤੀ ਬੋਲਿਆ,ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਲਲਕਾਰਦਾ ਹਾਂ । ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪਸ ਵਿੱਚ ਯੁੱਧ ਕਰੀਏ ।  ੧੧ ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਏਲ ਨੇ ਉਸ ਫ਼ਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਬਰਾ ਗਏ ਅਤੇ ਡਰ ਗਏ । 
ਦਾਊਦ ਸ਼ਾਊਲ ਦੀ ਛਾਉਣੀ ਵਿੱਚ 
 ੧੨ ਦਾਊਦ ਬੈਤਲਹਮ ਯਹੂਦਾਹ ਦੇ ਅਫਰਾਥੀ ਯੱਸੀ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ ਅਤੇ ਉਹ ਆਪ ਸ਼ਾਊਲ ਦੇ ਦਿਨਾਂ ਵਿੱਚ ਉਹ ਬਜ਼ੁਰਗ ਅਤੇ ਕਮਜ਼ੋਰ ਹੋ ਗਿਆ ਸੀ ।  ੧੩ ਯੱਸੀ ਦੇ ਤਿੰਨ ਵੱਡੇ ਪੁੱਤਰ ਲੜਾਈ ਦੇ ਵਿੱਚ ਸ਼ਾਊਲ ਦੇ ਮਗਰ ਜਾ ਲੱਗੇ ਅਤੇ ਉਨ੍ਹਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ ਉਹਨਾਂ ਵਿੱਚੋ ਜੇਠੇ ਦਾ ਨਾਮ ਅਲੀਆਬ ਸੀ ਅਤੇ ਦੂਜੇ ਦਾ ਨਾਮ ਅਬੀਨਾਦਾਬ ਅਤੇ ਤੀਜੇ ਦਾ ਨਾਮ ਸ਼ੰਮਾਹ ਸੀ ।  ੧੪ ਦਾਊਦ ਸਭ ਤੋਂ ਛੋਟਾ ਸੀ ਅਤੇ ਤਿੰਨ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ  ੧੫ ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਗਿਆ ਸੀ । 
 ੧੬ ਸੋ ਉਹ ਫ਼ਲਿਸਤੀ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਨੇੜੇ ਆਉਂਦਾ ਸੀ । ਚਾਲੀਆਂ ਦਿਨਾਂ ਤੱਕ ਉਹ ਆਪਣੇ ਆਪ ਨੂੰ, ਅੱਗੇ ਕਰਦਾ ਰਿਹਾ । 
 ੧੭ ਫੇਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ,ਇਹ ਪੰਜ ਸੇਰ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਣੀ ਵੱਲ ਜਾ ।  ੧੮ ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਨ੍ਹਾਂ ਦੇ ਸੂਬੇਦਾਰ ਦੇ ਲਈ ਲੈ ਜਾ ਅਤੇ ਆਪਣੇ ਭਰਾਵਾਂ ਦਾ ਹਾਲ ਚਾਲ ਵੇਖ ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ ।  ੧੯ ਉਸ ਵੇਲੇ ਸ਼ਾਊਲ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਘਾਟੀ ਚ ਫ਼ਲਿਸਤੀਆਂ ਦੇ ਨਾਲ ਲੜਦੇ ਪਏ ਸਨ । 
 ੨੦ ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਹ ਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਦਲ ਲੜਨ ਲਈ ਨਿੱਕਲਦਾ ਅਤੇ ਲੜਾਈ ਦੇ ਲਈ ਲਲਕਾਰਦਾ ਸੀ ਉਸ ਸਮੇਂ ਉਹ ਮੋਰਚੇ ਵਿੱਚ ਪਹੁੰਚ ਗਿਆ ।  ੨੧ ਅਤੇ ਇਸਰਾਏਲ ਅਤੇ ਫ਼ਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਕਤਾਰਾਂ ਬੰਨ੍ਹੀਆਂ ਸਨ ।  ੨੨ ਸੋ ਦਾਊਦ ਨੇ ਆਪਣੀਆਂ ਵਸਤਾਂ ਉਹ ਦੇ ਕੋਲ ਰੱਖੀਆਂ ਜੋ ਸਮਾਨ ਦੀ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖ਼ਬਰ ਪੁੱਛੀ ।  ੨੩ ਉਹ ਉਨ੍ਹਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਮ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ । 
 ੨੪ ਇਸਰਾਏਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ  ੨੫ ਤਦ ਇਸਰਾਏਲ ਦੇ ਲੋਕਾਂ ਨੇ ਆਖਿਆ, ਤੁਸੀਂ ਇਸ ਮਨੁੱਖ ਨੂੰ ਵੇਖਿਆ ਜੋ ਨਿੱਕਲਿਆ ਹੈ । ਸੱਚ-ਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਲਈ ਆਇਆ ਹੈ ਅਤੇ ਅਜਿਹਾ ਹੋਵੇਗਾ ਭਈ ਜਿਹੜਾ ਉਸ ਨੂੰ ਮਾਰੇਗਾ ਤਾਂ ਰਾਜਾ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਸ ਦੇ ਨਾਲ ਵਿਆਹ ਦੇਵੇਗਾ ਅਤੇ ਉਹ ਦੇ ਪਿਤਾ ਦੇ ਟੱਬਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ ।  ੨੬ ਤਦ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰੇ ?  ੨੭ ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ ਕਿ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਇਹ ਇਹ ਮਿਲੇਗਾ । 
 ੨੮ ਉਸੇ ਵੇਲੇ ਉਹ ਦੇ ਵੱਡੇ ਭਰਾ ਅਲੀਆਬ ਨੇ ਉਹ ਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਭੜਕਿਆ ਅਤੇ ਉਹ ਬੋਲਿਆ, ਤੂੰ ਕਿਉਂ ਇੱਥੇ ਆਇਆ ਹੈਂ ਅਤੇ ਉੱਥੇ ਉਜਾੜ ਵਿੱਚ ਉਨ੍ਹਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਦੇ ਭਰੋਸੇ ਛੱਡ ਆਇਆ ਹੈਂ ? ਮੈਂ ਤੇਰਾ ਘਮੰਡ ਅਤੇ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ । ਤੂੰ ਲੜਾਈ ਵੇਖਣ ਨੂੰ ਹੀ ਆਇਆ ਹੈਂ  ੨੯ ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ ? ਕੀ, ਮੈਂ ਗੱਲ ਵੀ ਨਹੀ ਕਰ ਸੱਕਦਾ ? ।  ੩੦ ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹੋ ਗੱਲਾਂ ਫੇਰ ਕੀਤੀਆਂ । ਸੋ ਲੋਕਾਂ ਨੇ ਉਹ ਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ । 
 ੩੧ ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹ ਨੂੰ ਆਪਣੇ ਕੋਲ ਬੁਲਾਇਆ ।  ੩੨ ਤਦ ਦਾਊਦ ਨੇ ਸ਼ਾਊਲ ਨੂੰ ਆਖਿਆ,ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰਾਵੇ । ਤੁਹਾਡਾ ਦਾਸ ਜਾਵੇਗਾ ਅਤੇ ਉਸ ਫ਼ਲਿਸਤੀ ਨਾਲ ਲੜੇਗਾ ।  ੩੩ ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫ਼ਲਿਸਤੀ ਦਾ ਸਾਹਮਣਾ ਕਰਨ ਅਤੇ ਉਸ ਦੇ ਨਾਲ ਲੜਨ ਯੋਗ ਨਹੀਂ ਹੈਂ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਬਚਪਨ ਤੋਂ ਹੀ ਯੋਧਾ ਹੈ ।  ੩੪ ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ।  ੩੫ ਤਦ ਮੈਂ ਉਹ ਦੇ ਮਗਰ ਨਿੱਕਲਿਆ ਅਤੇ ਉਸ ਨੂੰ ਮਾਰਿਆ ਅਤੇ ਉਸ ਦੇ ਮੂੰਹ ਵਿੱਚੋਂ ਉਹ ਨੂੰ ਛੁਡਾਇਆ ਅਤੇ ਜਦ ਉਸ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਮੈਂ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਮਾਰਿਆ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ ।  ੩੬ ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰਿਆ ਹੈ ਸੋ ਇਹ ਅਸੁੰਨਤੀ ਫ਼ਲਿਸਤੀ ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ !  ੩੭ ਫੇਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ । ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ ।  ੩੮ ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹ ਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹ ਨੂੰ ਪਹਿਨਾਈ  ੩੯ ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਹ ਨੇ ਇਨਾਂ ਨੂੰ ਕਦੇ ਪਹਿਨਿਆ ਨਹੀਂ ਸੀ । ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਨ੍ਹਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਨ੍ਹਾਂ ਨੂੰ ਪਰਖਿਆ ਨਹੀਂ ਹੈ । ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਉਤਾਰ ਦਿੱਤੇ ।  ੪੦ ਅਤੇ ਉਹ ਨੇ ਆਪਣੀ ਸੋਟੀ ਹੱਥ ਵਿੱਚ ਫੜ ਲਈ ਅਤੇ ਉਹ ਨੇ ਉਸ ਸੋਤੇ ਵਿੱਚੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਨ੍ਹਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹ ਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਰੱਖ ਲਿਆ ਅਤੇ ਉਹ ਦਾ ਗੁਲੇਲ ਉਹ ਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਨੇੜੇ ਜਾਣ ਲੱਗਾ । 
ਦਾਊਦ ਨੇ ਗੋਲੀਅਥ ਨੂੰ ਮਾਰਿਆ 
 ੪੧ ਤਦ ਫ਼ਲਿਸਤੀ ਤੁਰਿਆ ਅਤੇ ਦਾਊਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ ।  ੪੨ ਜਦ ਫ਼ਲਿਸਤੀ ਨੇ ਆਲੇ-ਦੁਆਲੇ ਵੇਖ ਕੇ ਦਾਊਦ ਨੂੰ ਵੇਖਿਆ ਤਾਂ ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ । ਉਹ ਦਾ ਰੰਗ ਲਾਲ ਅਤੇ ਉਹ ਸੋਹਣੇ ਰੂਪ ਦਾ ਸੀ ।  ੪੩ ਸੋ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਕੀ, ਮੈਂ ਕੋਈ ਕੁੱਤਾ ਹਾਂ ਜੋ ਤੂੰ ਸੋਟੀ ਲੈ ਕੇ ਮੇਰੇ ਕੋਲ ਆਇਆ ਹੈਂ ? ਅਤੇ ਫ਼ਲਿਸਤੀ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਬੁਰਾ ਬੋਲਣ ਲੱਗਾ ।  ੪੪ ਤਦ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ !  ੪੫ ਪਰ ਦਾਊਦ ਨੇ ਫ਼ਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ ਪਰ ਮੈਂ ਸੈਨਾਵਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ !  ੪੬ ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲਾਸ਼ਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਦੇਵਾਂਗਾ ਜੋ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ ।  ੪੭ ਅਤੇ ਇਸ ਸਾਰੇ ਦਲ ਨੂੰ ਵੀ ਖ਼ਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁਧ ਯਹੋਵਾਹ ਦਾ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ ! 
 ੪੮ ਅਤੇ ਅਜਿਹਾ ਹੋਇਆ ਜਦ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫ਼ਲਿਸਤੀ ਨਾਲ ਲੜਨ ਨੂੰ ਭੱਜਿਆ ।  ੪੯ ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਫਿਲਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਿਆ ! 
 ੫੦ ਸੋ ਦਾਊਦ ਨੇ ਇੱਕ ਗੁਲੇਲ ਅਤੇ ਇੱਕ ਪੱਥਰ ਨਾਲ ਫ਼ਲਿਸਤੀ ਨੂੰ ਜਿੱਤ ਲਿਆ ਅਤੇ ਉਸ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ ।  ੫੧ ਇਸ ਕਰਕੇ ਦਾਊਦ ਭੱਜ ਕੇ ਫ਼ਲਿਸਤੀ ਦੇ ਉੱਤੇ ਚੜ੍ਹ ਖੜ੍ਹਾ ਹੋਇਆ ਅਤੇ ਉਸ ਦੀ ਤਲਵਾਰ ਫੜ੍ਹ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਮਾਰ ਕੇ ਉਸ ਦਾ ਸਿਰ ਉਸੇ ਤਲਵਾਰ ਨਾਲ ਵੱਢ ਸੁੱਟਿਆ ਅਤੇ ਜਦ ਫ਼ਲਿਸਤੀਆਂ ਨੇ ਆਪਣਾ ਸੂਰਮਾ ਮਰਿਆ ਹੋਇਆ ਵੇਖਿਆ ਤਾਂ ਉਹ ਭੱਜ ਗਏ ।  ੫੨ ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਘਾਟੀ ਤੱਕ ਅਤੇ ਅਕਰੋਨ ਦੇ ਫਾਟਕਾਂ ਤੱਕ ਲਲਕਾਰਦੇ ਹੋਏ ਫ਼ਲਿਸਤੀਆਂ ਦੇ ਮਗਰ ਪਏ ਅਤੇ ਜਿਹੜੇ ਫ਼ਲਿਸਤੀਆਂ ਵਿੱਚੋਂ ਜਖ਼ਮੀ ਹੋ ਗਏ ਸੋ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੱਕ ਡਿੱਗਦੇ ਗਏ ।  ੫੩ ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ ।  ੫੪ ਅਤੇ ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ ਪਰ ਉਸ ਦੇ ਸ਼ਸਤਰਾਂ ਨੂੰ ਉਹ ਨੇ ਆਪਣੇ ਡੇਰੇ ਵਿੱਚ ਰੱਖਿਆ । 
ਦਾਊਦ ਨੂੰ ਸ਼ਾਊਲ ਦੇ ਸਾਹਮਣੇ ਲਿਆਂਦਾ ਜਾਣਾ 
 ੫੫ ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਫ਼ਲਿਸਤੀ ਨਾਲ ਲੜਨ ਲਈ ਜਾਂਦਿਆਂ ਵੇਖਿਆ ਤਾਂ ਉਸ ਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, ਅਬਨੇਰ ਇਹ ਮੁੰਡਾ ਕਿਸ ਦਾ ਪੁੱਤਰ ਹੈ ? ਅਬਨੇਰ ਬੋਲਿਆ, ਹੇ ਮਹਾਰਾਜ, ਤੇਰੇ ਜੀਵਨ ਦੀ ਸਹੁੰ ਮੈਂ ਨਹੀ ਜਾਣਦਾ ।  ੫੬ ਤਦ ਰਾਜੇ ਨੇ ਆਖਿਆ, ਤੂੰ ਪਤਾ ਕਰ ਜੋ ਮੁੰਡਾ ਕਿਸ ਦਾ ਪੁੱਤਰ ਹੈ ।  ੫੭ ਸੋ ਜਦ ਦਾਊਦ ਉਸ ਫ਼ਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹ ਨੂੰ ਫੜ੍ਹ ਲਿਆ ਅਤੇ ਸ਼ਾਊਲ ਕੋਲ ਲੈ ਗਿਆ ਅਤੇ ਫ਼ਲਿਸਤੀ ਦਾ ਸਿਰ ਉਹ ਦੇ ਹੱਥ ਵਿੱਚ ਸੀ ।  ੫੮ ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਪੁੱਤਰ ਹੈਂ ? ਤਦ ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ ।