12
ਪਰਮੇਸ਼ੁਰ ਦੀ ਸੇਵਾ ਵਾਲਾ ਜੀਵਨ
1 ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀ ਦਯਾ ਯਾਦ ਕਰਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਆਪਣਿਆਂ ਸਰੀਰਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਹੋਇਆ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। 2 ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ।
3 ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ। 4 ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ। 5 ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ। 6 ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖ ਵਰਦਾਨ ਮਿਲੇ ਹਨ। ਫੇਰ ਜੇ ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੇ। 7 ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ। 8 ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ, 9 ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ। 10 ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ। 11 ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ। 12 ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। 13 ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ। 14 ਆਪਣੇ ਸਤਾਉਣ ਵਾਲਿਆ ਨੂੰ ਬਰਕਤ ਦਿਉ, ਅਸੀਸ ਦਿਉ, ਸਰਾਪ ਨਾ ਦਿਉ! 15 ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ। 16 ਆਪਸ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਉ ਪਰ ਨੀਵੀਆਂ ਨਾਲ ਮਿਲੇ ਰਹੋ, ਆਪਣੀ ਜਾਚ ਵਿੱਚ ਸਿਆਣੇ ਨਾ ਬਣ ਬੈਠੋ। 17 ਬੁਰਿਆਈ ਦੇ ਬਦਲੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ। 18 ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰਿਆਂ ਮਨੁੱਖਾਂ ਦੇ ਨਾਲ ਮੇਲ-ਮਿਲਾਪ ਰੱਖੋ। 19 ਹੇ ਪਿਆਰਿਓ, ਆਪਣਾ ਬਦਲਾ ਨਾ ਲਵੋ, ਪਰ ਕ੍ਰੋਧ ਨੂੰ ਜਾਣ ਦਿਉ ਕਿਉਂ ਜੋ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਕਹਿੰਦਾ ਹੈ, ਜੋ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ। 20 ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਪਿਆਸਾ ਹੋਵੇ ਤਾਂ ਉਹ ਨੂੰ ਪਾਣੀ ਪਿਆ ਕਿਉਂ ਜੋ ਇਹ ਕਰਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ। 21 ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।