9
ਅੱਯੂਬ ਦਾ ਬਿਲਦਦ ਨੂੰ ਉੱਤਰ
1 ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਹੈ,
ਪਰ ਮਨੁੱਖ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ?
3 ਜੇ ਉਹ ਉਸ ਦੇ ਨਾਲ ਵਿਵਾਦ ਵੀ ਕਰਨਾ ਚਾਹੇ,
ਤਾਂ ਵੀ ਉਹ ਹਜ਼ਾਰ ਵਿੱਚੋਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕੇਗਾ।
4 ਉਹ ਬੁੱਧੀਮਾਨ ਅਤੇ ਅੱਤ ਬਲਵੰਤ ਹੈ,
ਕਿਸ ਨੇ ਉਹ ਦਾ ਸਾਹਮਣਾ ਕੀਤਾ ਅਤੇ ਪਰਬਲ ਹੋਇਆ?
5 ਉਹ ਜੋ ਅਚਾਨਕ ਪਹਾੜਾਂ ਨੂੰ ਹਟਾ ਦਿੰਦਾ ਹੈ
ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ, ਉਹ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,
6 ਜੋ ਧਰਤੀ ਨੂੰ ਉਹ ਦੇ ਸਥਾਨ ਤੋਂ ਹਿਲਾ ਦਿੰਦਾ ਹੈ,
ਅਤੇ ਉਹ ਦੇ ਥੰਮ੍ਹ ਕੰਬ ਉੱਠਦੇ ਹਨ।
7 ਜੋ ਸੂਰਜ ਨੂੰ ਹੁਕਮ ਕਰਦਾ ਅਤੇ ਉਹ ਚੜ੍ਹਦਾ ਨਹੀਂ,
ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ।
8 ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ,
ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ।
9 ਜੋ ਸਪਤ੍ਰਿਖ, ਜੱਬਾਰ, ਖਿੱਤਿਆਂ ਅਤੇ
ਦੱਖਣ ਦੇ ਅਕਾਸ਼ ਮੰਡਲਾਂ ਦਾ ਸਿਰਜਣਹਾਰ ਹੈ।
10 ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ,
ਜਿਹੜੇ ਅਥਾਹ, ਅਚਰਜ਼ ਅਤੇ ਅਣਗਿਣਤ ਹਨ।
11 ਵੇਖੋ, ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ
ਪਰ ਮੈਂ ਉਹ ਨੂੰ ਵੇਖ ਨਹੀਂ ਸਕਦਾ,
ਉਹ ਅੱਗੇ ਵੱਧ ਜਾਂਦਾ ਹੈ, ਪਰ ਮੈਂ ਉਹ ਨੂੰ ਪਛਾਣਦਾ ਨਹੀਂ।
12 ਵੇਖੋ, ਜਦ ਉਹ ਖੋਹਣ ਲੱਗੇ ਤਾਂ ਕੌਣ ਉਹ ਨੂੰ ਰੋਕੇਗਾ?
ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?
13 ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ,
ਰਹਬ ਦੇ ਸਹਾਇਕ ਉਹ ਦੇ ਪੈਰਾਂ ਹੇਠ ਝੁੱਕ ਜਾਂਦੇ ਹਨ।
14 “ਫੇਰ ਮੈਂ ਕਿਵੇਂ ਉਹ ਨੂੰ ਜਵਾਬ ਦੇ ਸਕਦਾ ਹਾਂ,
ਜਾਂ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ?
15 ਭਾਵੇਂ ਮੈਂ ਨਿਰਦੋਸ਼ ਵੀ ਹੁੰਦਾ ਤਾਂ ਵੀ ਉਸ ਨੂੰ ਜਵਾਬ ਨਹੀਂ ਦੇ ਸਕਦਾ,
ਮੈਂ ਸਿਰਫ਼ ਆਪਣੇ ਨਿਆਈਂ ਦੇ ਅੱਗੇ ਦੁਹਾਈ ਦੇ ਸਕਦਾ ਹਾਂ।
16 ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ,
ਤਾਂ ਵੀ ਮੈਂ ਨਿਹਚਾ ਨਾ ਕਰਦਾ ਕਿ ਉਸ ਨੇ ਮੇਰੀ ਅਵਾਜ਼ ਉੱਤੇ ਕੰਨ ਲਾਇਆ ਹੈ,
17 ਕਿਉਂ ਜੋ ਉਹ ਮੈਨੂੰ ਤੂਫ਼ਾਨ ਨਾਲੋਂ ਤੋੜ ਸੁੱਟਦਾ,
ਅਤੇ ਬਿਨ੍ਹਾਂ ਕਾਰਨ ਮੇਰੇ ਫੱਟਾਂ ਨੂੰ ਵਧਾਉਂਦਾ ਹੈ!
18 ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ,
ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!
19 ਜੇ ਬਲ ਦੀ ਗੱਲ ਕਰੀਏ, ਤਾਂ ਉਹ ਸ਼ਕਤੀਮਾਨ ਹੈ,
ਅਤੇ ਜੇ ਨਿਆਂ ਨੂੰ ਲਈਏ ਤਾਂ ਕੌਣ ਉਸ ਨੂੰ ਚੁਣੌਤੀ ਦੇ ਸਕਦਾ ਹੈ?
20 ਜੇ ਮੈਂ ਨਿਰਦੋਸ਼ ਵੀ ਹੋਵਾਂ ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ,
ਜੇ ਮੈਂ ਖਰਾ ਹੋਵਾਂ ਤਾਂ ਵੀ ਉਹ ਮੈਨੂੰ ਟੇਢਾ ਸਾਬਤ ਕਰੇਗਾ।
21 “ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ,
ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।
22 ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ,
ਖਰੇ ਅਤੇ ਖੋਟੇ ਦੋਵਾਂ ਨੂੰ ਉਹ ਮੁਕਾ ਦਿੰਦਾ ਹੈ!
23 ਜਦ ਲੋਕ ਬਿਪਤਾ ਦੇ ਕਰਨ ਅਚਾਨਕ ਮਰਨ ਲੱਗਦੇ ਹਨ,
ਤਾਂ ਉਹ ਨਿਰਦੋਸ਼ਾਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ।
24 ਜਦ ਦੇਸ ਦੁਸ਼ਟਾਂ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ
ਤਾਂ ਉਹ ਨਿਆਂਈਆਂ ਦੀਆਂ ਅੱਖਾਂ ਨੂੰ ਢੱਕ ਦਿੰਦਾ ਹੈ,
ਜੇ ਇਹ ਕਰਨ ਵਾਲਾ ਉਹ ਨਹੀਂ, ਤਾਂ ਹੋਰ ਕੌਣ ਹੈ?
25 “ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ,
ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ।
26 ਉਹ ਕਾਗਜ਼ਾਂ ਦੀ ਬੇੜੀ ਵਾਂਗੂੰ ਚਲੇ ਜਾਂਦੇ ਹਨ,
ਜਾਂ ਜਿਵੇਂ ਬਾਜ਼ ਸ਼ਿਕਾਰ ਉੱਤੇ ਝਪੱਟਾ ਮਾਰਦਾ ਹੈ।
27 ਜੇ ਮੈਂ ਆਖਾਂ ਕਿ ਮੈਂ ਆਪਣੀ ਸ਼ਿਕਾਇਤ ਭੁੱਲ ਜਾਂਵਾਂਗਾ,
ਮੈਂ ਆਪਣੀ ਉਦਾਸੀ ਛੱਡ ਦਿਆਂਗਾ ਅਤੇ ਆਪਣੇ ਆਪ ਨੂੰ ਖੁਸ਼ ਵਿਖਾਵਾਂਗਾ।
28 ਤਾਂ ਵੀ ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ,
ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਿਰਦੋਸ਼ ਨਾ ਠਹਿਰਾਵੇਂਗਾ।
29 ਮੈਂ ਤਾਂ ਦੋਸ਼ੀ ਠਹਿਰਾਂਗਾ,
ਫੇਰ ਮੈਂ ਕਿਉਂ ਵਿਅਰਥ ਕਸ਼ਟ ਝੱਲਾਂ?
30 ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ,
ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ,
31 ਤਦ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ,
ਅਤੇ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ।
32 “ਉਹ ਮੇਰੇ ਵਾਂਗੂੰ ਮਨੁੱਖ ਨਹੀਂ ਹੈ ਕਿ ਮੈਂ ਉਹ ਨੂੰ ਉੱਤਰ ਦੇਵਾਂ,
ਅਤੇ ਅਸੀਂ ਇੱਕ ਦੂਜੇ ਨਾਲ ਮੁਕੱਦਮਾ ਲੜੀਏ।
33 ਕਾਸ਼ ਸਾਡੇ ਦੋਹਾਂ ਵਿੱਚ ਕੋਈ ਵਿਚੋਲਾ ਹੁੰਦਾ
ਜੋ ਸਾਡੇ ਦੋਹਾਂ ਉੱਤੇ ਹੱਥ ਰੱਖਦਾ,
34 ਜੋ ਉਸ ਦੀ ਸੋਟੀ ਮੇਰੇ ਉੱਤੋਂ ਹਟਾ ਦਿੰਦਾ,
ਤਾਂ ਜੋ ਉਹ ਦੇ ਹੌਲ ਮੈਨੂੰ ਨਾ ਡਰਾਉਂਦੇ।
35 ਤਦ ਮੈਂ ਉਸ ਤੋਂ ਨਿਰਭੈ ਹੋ ਕੇ ਬੋਲ ਸਕਦਾ,
ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ।”