7
ਗਿਦਾਊਨ ਦੀ ਮਿਦਯਾਨੀਆਂ ਉੱਤੇ ਜਿੱਤ
1 ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ, ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰਹ ਪਰਬਤ ਦੇ ਕੋਲ ਘਾਟੀ ਵਿੱਚ ਸੀ। 2 ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ, ਤੇਰੇ ਨਾਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਕਹੇ ਕਿ ‘ਮੇਰੇ ਹੀ ਹੱਥ ਨੇ ਮੈਨੂੰ ਬਚਾਇਆ ਹੈ।’ 3 ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਰਬਤ ਤੋਂ ਵਾਪਿਸ ਮੁੜ ਜਾਵੇ।” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
4 ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।” 5 ਤਦ ਉਹ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ, ਉਨ੍ਹਾਂ ਨੂੰ ਤੂੰ ਵੱਖਰਾ ਰੱਖ ਅਤੇ ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਣ।” 6 ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡੇ ਨਿਵਾ ਕੇ ਪਾਣੀ ਪੀਤਾ। 7 ਤਾਂ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ, ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਬਾਕੀ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਮੁੜ ਜਾਣ।” 8 ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ।
9 ਤਾਂ ਉਸੇ ਰਾਤ ਯਹੋਵਾਹ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਛਾਉਣੀ ਦੇ ਕੋਲ ਜਾ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ। 10 ਪਰ ਜੇ ਤੂੰ ਇਕੱਲਾ ਜਾਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਛਾਉਣੀ ਵੱਲ ਜਾ। 11 ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ।” ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ। 12 ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਟਿੱਡੀਆਂ ਵਾਂਗੂੰ ਬਹੁਤ ਸਾਰੇ ਸਨ ਅਤੇ ਘਾਟੀ ਵਿੱਚ ਫੈਲੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ। 13 ਜਦ ਗਿਦਾਊਨ ਉੱਥੇ ਪਹੁੰਚਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਸਾਥੀ ਨੂੰ ਇੱਕ ਸੁਫ਼ਨਾ ਸੁਣਾਉਂਦਾ ਸੀ, ਉਸਨੇ ਕਿਹਾ, “ਵੇਖੋ, ਮੈਂ ਇੱਕ ਸੁਫ਼ਨਾ ਵੇਖਿਆ ਹੈ ਕਿ ਜੌਂ ਦੀ ਇੱਕ ਰੋਟੀ ਮਿਦਯਾਨੀ ਛਾਉਣੀ ਵਿੱਚ ਰੁੜ੍ਹ ਕੇ ਆਈ ਅਤੇ ਇੱਕ ਤੰਬੂ ਨਾਲ ਆ ਲੱਗੀ ਅਤੇ ਉਸ ਨੇ ਤੰਬੂ ਨੂੰ ਅਜਿਹਾ ਮਾਰਿਆ ਕਿ ਉਹ ਡਿੱਗ ਪਿਆ ਅਤੇ ਉਸ ਨੂੰ ਅਜਿਹਾ ਮੂਧਾ ਕਰ ਸੁੱਟਿਆ ਕਿ ਉਹ ਤੰਬੂ ਵਿੱਛ ਗਿਆ।” 14 ਤਾਂ ਉਸ ਦੇ ਸਾਥੀ ਨੇ ਉੱਤਰ ਦੇ ਕੇ ਕਿਹਾ, “ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
15 ਅਜਿਹਾ ਹੋਇਆ ਕਿ ਜਦ ਗਿਦਾਊਨ ਨੇ ਇਹ ਸੁਫ਼ਨਾ ਅਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਤੇ ਇਸਰਾਏਲੀ ਛਾਉਣੀ ਨੂੰ ਮੁੜ ਆਇਆ ਅਤੇ ਕਿਹਾ, “ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ ਹੈ!” 16 ਤਦ ਉਸ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ। 17 ਫਿਰ ਉਸਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਵੇਖੋ ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾਂ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ। 18 ਜਦ ਮੈਂ ਅਤੇ ਮੇਰੇ ਸਾਰੇ ਸਾਥੀ ਤੁਰ੍ਹੀਆਂ ਵਜਾਈਏ ਤਾਂ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਓ,” “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ!।”
19 ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ* 7:19 ਰਾਤ ਦਾ ਸਮਾਂ ਤਿੰਨ ਪਹਿਰਾਂ ਵਿੱਚ, ਚਾਰ-ਚਾਰ ਘੰਟਿਆਂ ਨਾਲ ਵੰਡਿਆ ਗਿਆ ਹੈ l ਪਹਿਲਾ ਪਹਿਰ ਸੂਰਜ ਛਿਪਣ ਵੇਲੇ ਵਿਚਕਾਰਲਾ ਜਾਂ ਦੂਸਰਾ ਤਕਰੀਬਨ ਰਾਤ ਦੇ 10 ਵਜੇ ਹੈ l ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ। 20 ਤਦ ਉਨ੍ਹਾਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਤੋੜ ਦਿੱਤੇ ਅਤੇ ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀ ਤੁਰ੍ਹੀਆਂ ਫੜ੍ਹੀਆਂ ਅਤੇ ਜ਼ੋਰ ਨਾਲ ਜੈਕਾਰਾ ਬੁਲਾਇਆ, “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤਲਵਾਰ!” 21 ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਸਥਾਨ ਤੇ ਛਾਉਣੀ ਦੇ ਚੁਫ਼ੇਰੇ ਖੜ੍ਹਾ ਰਿਹਾ, ਤਾਂ ਸਾਰੀ ਫੌਜ ਦੌੜੀ ਅਤੇ ਚੀਕਾਂ ਮਾਰਦੀ ਹੋਈ ਭੱਜ ਨਿੱਕਲੀ। 22 ਉਨ੍ਹਾਂ ਨੇ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਇੱਕ-ਇੱਕ ਮਨੁੱਖ ਦੀ ਤਲਵਾਰ ਉਸ ਦੇ ਸਾਥੀ ਉੱਤੇ ਅਤੇ ਸਾਰੀ ਫੌਜ ਉੱਤੇ ਚਲਵਾਈ, ਤਾਂ ਫੌਜ ਸਰੇਰਹ ਦੀ ਵੱਲ ਬੈਤ ਸ਼ਿੱਟਾਹ ਨੂੰ ਅਤੇ ਅਬੇਲ - ਮਹੋਲਾਹ ਤੱਕ ਜੋ ਟੱਬਾਥ ਕੋਲ ਹੈ, ਭੱਜ ਗਈ। 23 ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਤੇ ਸਾਰੇ ਮਨੱਸ਼ਹ† 7:23 ਮਨੱਸ਼ਹ ਦੇ ਅੱਧੇ ਲੋਕ ਯਰਦਨ ਨਦੀ ਦੇ ਪੂਰਬੀ ਪਾਸੇ ਅਤੇ ਅੱਧੇ ਪੱਛਮੀ ਪਾਸੇ ਰਹਿੰਦੇ ਸਨ l ਤੋਂ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਪਿੱਛੇ ਪਏ।
24 ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿੱਚ ਸੰਦੇਸ਼-ਵਾਹਕ ਭੇਜੇ ਅਤੇ ਕਿਹਾ, “ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਆ ਜਾਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਯਰਦਨ ਨਦੀ ਦੇ ਘਾਟਾਂ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਓ।” ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਕਰ ਲਿਆ। 25 ਅਤੇ ਉਨ੍ਹਾਂ ਨੇ ਮਿਦਯਾਨ ਦੇ ਦੋ ਹਾਕਮਾਂ ਓਰੇਬ ਅਤੇ ਜ਼ਏਬ ਨੂੰ ਫੜਿਆ, ਅਤੇ ਓਰੇਬ‡ 7:25 ਕਾਂ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ§ 7:25 ਉੱਲੂ ਨੂੰ ਜ਼ਏਬ ਨਾਮਕ ਦਾਖ਼ਰਸ ਦੇ ਕੁੰਡ ਕੋਲ ਘਾਤ ਕੀਤਾ, ਅਤੇ ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।