27
ਪੌਲੁਸ ਦੀ ਰੋਮ ਯਾਤਰਾ
1 ਜਦੋਂ ਇਹ ਗੱਲ ਨਿਸ਼ਚਿਤ ਹੋਈ ਕਿ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ, ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮ ਦੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ! 2 ਅਤੇ ਅਸੀਂ ਅਦ੍ਰਮੁਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਏਸ਼ੀਆ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ, ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ। 3 ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਆਰਾਮ ਕਰੇ। 4 ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰੁਸ ਦੇ ਉਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ। 5 ਅਤੇ ਜਦੋਂ ਅਸੀਂ ਕਿਲਕਿਯਾ ਅਤੇ ਪਮਫ਼ੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ। 6 ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ, ਸਾਨੂੰ ਉਹ ਦੇ ਉੱਤੇ ਜਾ ਚੜਾਇਆ। 7 ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ! 8 ਅਤੇ ਮੁਸ਼ਕਿਲ ਨਾਲ ਉਹ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
9 ਜਦੋਂ ਬਹੁਤ ਸਮਾਂ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ, ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ! 10 ਕਿ ਹੇ ਪੁਰਖੋ, ਮੈਨੂੰ ਦਿਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ, ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ! 11 ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੀਆਂ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ! 12 ਅਤੇ ਇਸ ਲਈ ਕਿ ਉਹ ਸਥਾਨ ਸਿਆਲ ਕੱਟਣ ਲਈ ਚੰਗਾ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇਥੋਂ ਚੱਲੇ ਚੱਲੀਏ ਕਿ ਜੇ ਕਿਵੇਂ ਹੋ ਸਕੇ ਤਾਂ ਫੈਨੀਕੁਸ ਤੱਕ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ!
ਸਮੁੰਦਰ ਵਿੱਚ ਤੂਫਾਨ
13 ਅਤੇ ਜਦੋਂ ਦੱਖਣ ਦੀ ਪੌਣ ਹੌਲੀ-ਹੌਲੀ ਵਗਣ ਲੱਗੀ, ਉਨ੍ਹਾਂ ਇਹ ਸਮਝ ਕੇ ਕਿ ਸਾਡਾ ਕੰਮ ਪੂਰਾ ਹੋ ਗਿਆ ਹੈ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਨਾਲ-ਨਾਲ ਹੋ ਤੁਰੇ! 14 ਪਰ ਥੋੜ੍ਹੇ ਸਮੇਂ ਤੋਂ ਬਾਅਦ ਉਸ ਪਾਸਿਓਂ ਇੱਕ ਵੱਡਾ ਤੂਫਾਨ ਆਇਆ, ਜਿਹ ਨੂੰ ਯੂਰਕੂਲੇਨ ਕਹਿੰਦੇ ਹਨ! 15 ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ! 16 ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਂਗੀ ਨੂੰ ਕਾਬੂ ਵਿੱਚ ਕੀਤਾ! 17 ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਸੁਰਤਿਸ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ! 18 ਜਦੋਂ ਹਨੇਰੀ ਦੇ ਕਾਰਨ ਅਸੀਂ ਬਹੁਤ ਹਿਚਕੋਲੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ! 19 ਅਤੇ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਉਤਾਰ ਸੁੱਟਿਆ! 20 ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚਲਦੀ ਰਹੀ ਤਾਂ ਆਖ਼ਿਰ ਸਾਡੇ ਬਚਣ ਦੀ ਸਾਰੀ ਆਸ ਖ਼ਤਮ ਹੋ ਗਈ! 21 ਅਤੇ ਬਹੁਤ ਦਿਨ ਭੁੱਖੇ ਰਹਿਣ ਤੋਂ ਬਾਅਦ ਪੌਲੁਸ ਉਨ੍ਹਾਂ ਦੇ ਵਿੱਚ ਖੜ੍ਹਾ ਹੋ ਕੇ ਬੋਲਿਆ, ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ, ਤਾਂ ਇਹ ਬੁਰਾ ਹਾਲ ਅਤੇ ਨੁਕਸਾਨ ਨਾ ਹੁੰਦਾ! 22 ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਹੌਂਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਕੇਵਲ ਜਹਾਜ਼ ਦਾ ਨੁਕਸਾਨ ਹੋਵੇਗਾ! 23 ਇਸ ਲਈ ਕਿ ਉਹ ਪਰਮੇਸ਼ੁਰ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆ ਕੇ ਖੜ੍ਹਾ ਹੋਇਆ! 24 ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ, ਤੈਨੂੰ ਬਖਸ਼ ਦਿੱਤਾ ਹੈ! 25 ਉਪਰੰਤ ਹੇ ਪੁਰਖੋ, ਹੌਂਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦਾ ਵਿਸ਼ਵਾਸ ਕਰਦਾ ਹਾਂ ਕਿ ਜਿਵੇਂ ਮੈਨੂੰ ਕਿਹਾ ਗਿਆ ਹੈ ਉਸੇ ਤਰ੍ਹਾਂ ਹੀ ਹੋਵੇਗਾ! 26 ਪਰ ਕਿਸੇ ਟਾਪੂ ਵਿੱਚ ਅਸੀਂ ਜ਼ਰੂਰ ਪਹੁੰਚ ਜਾਂਵਾਂਗੇ l
ਜਹਾਜ਼ ਦਾ ਟੁੱਟਣਾ
27 ਸੋ ਜਦੋਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ੍ਹਦੇ ਸੀ ਤਾਂ ਅੱਧੀ ਕੁ ਰਾਤੀਂ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਕਿਸੇ ਦੇਸ ਦੇ ਨੇੜੇ ਪਹੁੰਚ ਗਏ ਹਾਂ! 28 ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਅੱਸੀ ਹੱਥ ਨਿੱਕਲਿਆ ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਸੱਠ ਹੱਥ ਨਿੱਕਲਿਆ! 29 ਅਤੇ ਇਸ ਡਰ ਦੇ ਕਾਰਨ ਕਿ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਜਲਦੀ ਸਵੇਰ ਹੋਣ ਲਈ ਬੇਨਤੀ ਕਰਦੇ ਰਹੇ। 30 ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਢੋਂਗੀ ਨੂੰ ਸਮੁੰਦਰ ਵਿੱਚ ਉਤਾਰਿਆ! 31 ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, ਜੇ ਇਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਬਚ ਨਹੀਂ ਸਕਦੇ! 32 ਤਦ ਸਿਪਾਹੀਆਂ ਨੇ ਢੋਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ! 33 ਅਤੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਖਾਓ ਅਤੇ ਆਖਿਆ ਕਿ ਅੱਜ ਤੁਹਾਨੂੰ ਮੌਸਮ ਸੁਧਰਨ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਕੁਝ ਨਹੀਂ ਖਾਧਾ! 34 ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਕਿ ਕੁਝ ਭੋਜਨ ਖਾਓ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ, ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ! 35 ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਧੰਨਵਾਦ ਕਰਕੇ, ਖਾਣ ਲੱਗਾ! 36 ਤਾਂ ਉਨ੍ਹਾਂ ਸਭਨਾਂ ਨੂੰ ਹੌਂਸਲਾ ਹੋਇਆ ਅਤੇ ਉਨ੍ਹਾਂ ਨੇ ਵੀ ਭੋਜਨ ਖਾਧਾ! 37 ਅਸੀਂ ਸਭ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸੀ। 38 ਅਤੇ ਜਦੋਂ ਉਹ ਭੋਜਨ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕਰ ਲਿਆ! 39 ਜਦੋਂ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਣਿਆ ਪਰ ਇੱਕ ਖਾੜੀ ਦੇਖੀ ਜਿਹ ਦਾ ਕਿਨਾਰਾ ਪੱਧਰਾ ਸੀ ਅਤੇ ਉਹ ਸਲਾਹ ਕਰਨ ਲੱਗੇ ਕਿ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸਕਦੇ ਹਾਂ ਕਿ ਨਹੀਂ! 40 ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ! 41 ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ! 42 ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਤੈਰ ਕੇ ਭੱਜ ਜਾਵੇ! 43 ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਕਿ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ! 44 ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ, ਇਸੇ ਤਰ੍ਹਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ!