6
ਸੰਕਟ ਦੇ ਸਮੇਂ ਦਯਾ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ। ਖਰਜ਼ ਦੇ ਰਾਗ ਵਿੱਚ ਦਾਊਦ ਦਾ ਭਜਨ।
1 ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ,
ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ।
2 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ,
ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆਂ ਹੱਡੀਆਂ ਬੇਚੈਨ ਹਨ।
3 ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ,
ਅਤੇ ਤੂੰ ਯਹੋਵਾਹ, ਕਦੋਂ ਤੱਕ?
4 ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ,
ਆਪਣੀ ਦਯਾ ਦੇ ਕਾਰਨ ਮੈਨੂੰ ਬਚਾ,
5 ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ,
ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ?
6 ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ,
ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ,
ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ।
7 ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ,
ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ।
8 ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ,
ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ,
9 ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ,
ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ।
10 ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ,
ਉਹ ਮੁੜ ਜਾਣਗੇ ਅਤੇ ਅਚਾਨਕ ਲੱਜਿਆਵਾਨ ਹੋ ਜਾਣਗੇ।