15
ਪਰ ਕੁਝ ਦਿਨਾਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਸਮਸੂਨ ਇੱਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਅਤੇ ਕਿਹਾ, “ਮੈਂ ਆਪਣੀ ਪਤਨੀ ਦੇ ਕੋਲ ਕੋਠੜੀ ਵਿੱਚ ਜਾਂਵਾਂਗਾ।” ਪਰ ਉਸ ਦੇ ਸਹੁਰੇ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ। ਅਤੇ ਉਸ ਦੇ ਸਹੁਰੇ ਨੇ ਕਿਹਾ, “ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈਂ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ। ਭਲਾ, ਉਸ ਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਇਸ ਨਾਲ ਵਿਆਹ ਕਰ ਲੈ।”
ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਹੁਣ ਜਦ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।” ਤਦ ਸਮਸੂਨ ਨੇ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ, ਅਤੇ ਮਸ਼ਾਲਾਂ ਜਲਾ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੀਆਂ ਖੜ੍ਹੀਆਂ ਫ਼ਸਲਾਂ ਵਿੱਚ ਛੱਡ ਦਿੱਤਾ, ਇਸ ਤਰ੍ਹਾਂ ਉਸ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਜ਼ੈਤੂਨ ਅਤੇ ਦਾਖਾਂ ਦੇ ਬਾਗ਼ ਵੀ ਸਾੜ ਦਿੱਤੇ।
ਤਦ ਫ਼ਲਿਸਤੀ ਪੁੱਛਣ ਲੱਗੇ, “ਇਹ ਕਿਸ ਨੇ ਕੀਤਾ ਹੈ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ, ਕਿਉਂਕਿ ਉਹ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਮਿੱਤਰ ਨਾਲ ਕਰ ਦਿੱਤਾ।” ਤਦ ਫ਼ਲਿਸਤੀਆਂ ਨੇ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਦਿੱਤਾ।
ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਜਿਹਾ ਕੰਮ ਕਰਦੇ ਹੋ, ਤਾਂ ਮੈਂ ਵੀ ਜ਼ਰੂਰ ਤੁਹਾਡੇ ਤੋਂ ਬਦਲਾ ਲੈ ਕੇ ਹੀ ਸ਼ਾਂਤ ਹੋਵਾਂਗਾ।” ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ।
ਸਮਸੂਨ ਦੁਆਰਾ ਫ਼ਲਿਸਤੀਆਂ ਨੂੰ ਹਰਾਉਣਾ
ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ। 10 ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਸਾਡੇ ਉੱਤੇ ਹਮਲਾ ਕਰਨ ਆਏ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ ਤਾਂ ਜੋ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਅਸੀਂ ਵੀ ਉਹ ਦੇ ਨਾਲ ਕਰੀਏ।” 11 ਤਦ ਤਿੰਨ ਹਜ਼ਾਰ ਯਹੂਦਾਹ ਦੇ ਪੁਰਖਾਂ ਨੇ ਏਟਾਮ ਚੱਟਾਨ ਦੀ ਗੁਫ਼ਾ ਉੱਤੇ ਜਾ ਕੇ ਸਮਸੂਨ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਫ਼ਲਿਸਤੀ ਸਾਡੇ ਉੱਤੇ ਰਾਜ ਕਰਦੇ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸ ਨੇ ਉਨ੍ਹਾਂ ਨੂੰ ਕਿਹਾ, “ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਕੀਤਾ, ਉਸੇ ਤਰ੍ਹਾਂ ਹੀ ਮੈਂ ਵੀ ਉਨ੍ਹਾਂ ਨਾਲ ਕੀਤਾ।” 12 ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਇਸ ਲਈ ਆਏ ਹਾਂ ਕਿ ਤੈਨੂੰ ਬੰਨ੍ਹ ਕੇ ਫ਼ਲਿਸਤੀਆਂ ਦੇ ਹੱਥ ਸੌਂਪ ਦੇਈਏ।” ਤਦ ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।” 13 ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ ਕਰਾਂਗੇ, ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਸੌਂਪ ਦਿਆਂਗੇ ਪਰ ਅਸੀਂ ਤੈਨੂੰ ਜਾਨੋਂ ਨਹੀਂ ਮਰਾਂਗੇ।” ਫੇਰ ਉਨ੍ਹਾਂ ਨੇ ਉਸ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹਿਆ ਅਤੇ ਪਰਬਤ ਉੱਤੋਂ ਉਤਾਰ ਲਿਆਏ।
14 ਜਦ ਉਹ ਲਹੀ ਵਿੱਚ ਪਹੁੰਚਿਆ ਤਾਂ ਫ਼ਲਿਸਤੀ ਉਸ ਨੂੰ ਵੇਖ ਕੇ ਚਿੱਲਾਉਂਦੇ ਹੋਏ ਉਸ ਨੂੰ ਮਿਲੇ। ਤਦ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਉਸ ਦੇ ਉੱਤੇ ਆਇਆ ਅਤੇ ਉਸ ਦੀਆਂ ਬਾਹਾਂ ਨਾਲ ਬੰਨ੍ਹੇ ਹੋਏ ਰੱਸੇ ਅੱਗ ਨਾਲ ਸੜੇ ਹੋਏ ਸਣ ਵਰਗੇ ਹੋ ਗਏ ਅਤੇ ਉਸ ਦੇ ਹੱਥਾਂ ਦੇ ਬੰਧਨ ਖੁੱਲ੍ਹ ਗਏ। 15 ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ। 16 ਤਦ ਸਮਸੂਨ ਨੇ ਕਿਹਾ, - “ਇੱਕ ਗਧੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ! ਮੈਂ ਗਧੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਦਿੱਤੇ!” 17 ਜਦ ਉਹ ਇਹ ਗੱਲ ਆਖ ਚੁੱਕਿਆ, ਤਾਂ ਉਸ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲਹੀ* 15:17 ਜਬਾੜੇ ਦੀ ਹੱਡੀ ਦਾ ਸਥਾਨ ਰੱਖਿਆ।
18 ਫਿਰ ਉਸ ਨੂੰ ਬਹੁਤ ਪਿਆਸ ਲੱਗੀ ਅਤੇ ਉਸ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਤੂੰ ਆਪਣੇ ਸੇਵਕ ਦੇ ਹੱਥ ਤੋਂ ਇੱਕ ਵੱਡਾ ਛੁਟਕਾਰਾ ਦਿੱਤਾ ਹੈ, ਹੁਣ ਭਲਾ, ਮੈਂ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?” 19 ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਇਸ ਲਈ ਉਸ ਥਾਂ ਦਾ ਨਾਮ ਏਨ-ਹੱਕੋਰੇ 15:19 ਬੁਲਾਉਣ ਵਾਲਾ ਝਰਨਾ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ। 20 ਸਮਸੂਨ ਨੇ ਫ਼ਲਿਸਤੀਆਂ ਦੇ ਸਮੇਂ ਵਿੱਚ ਵੀਹ ਸਾਲ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।

*15:17 15:17 ਜਬਾੜੇ ਦੀ ਹੱਡੀ ਦਾ ਸਥਾਨ

15:19 15:19 ਬੁਲਾਉਣ ਵਾਲਾ ਝਰਨਾ