ਆਮੋਸ
ਭੂਮਿਕਾ
1
1 ਆਮੋਸ ਦਾ ਸੰਦੇਸ਼: ਆਮੋਸ ਤਕੋਆ ਸ਼ਹਿਰ ਦੇ ਆਜੜੀਆਂ ਵਿੱਚੋਂ ਇੱਕ ਸੀ। ਉਸ ਨੇ ਇਸਰਾਏਲ ਦੇ ਬਾਰੇ ਦਰਸ਼ਨ ਵੇਖਿਆ। ਇਹ ਉਦੋਂ ਵਾਪਰਿਆ ਜਦੋਂ ਉਜ਼ੀਯਾਹ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯੋਆਸ਼ ਦਾ ਪੁੱਤਰ ਯਰਾਬੁਆਮ ਇਸਰਾਏਲ ਦਾ ਪਾਤਸ਼ਾਹ ਸੀ। ਇਹ ਭੂਚਾਲ ਆਉਣ ਤੋਂ ਦੋ ਵਰ੍ਹੇ ਪਹਿਲਾਂ ਦੀ ਗੱਲ ਹੈ।
ਅਰਾਮ ਲਈ ਸਜ਼ਾ
2 ਆਮੋਸ ਨੇ ਕਿਹਾ:
“ਯਹੋਵਾਹ ਸੀਯੋਨ ਵਿੱਚ ਸ਼ੇਰ ਵਾਂਗ ਗੱਜੇਗਾ
ਉਸਦੀ ਉੱਚੀ ਆਵਾਜ਼ ਯਰੂਸ਼ਲਮ ਵਿੱਚੋਂ ਆਵੇਗੀ
ਜਿਸ ਨਾਲ ਆਜੜੀਆਂ ਦੀਆਂ ਚਰਾਂਦਾ ਸੁੱਕ ਸੜ ਜਾਣਗੀਆਂ ਇੱਥੋਂ ਤੱਕ
ਕਿ ਕਰਮਲ ਦੀ ਚੋਟੀ ਵੀ ਸੁੱਕ ਜਾਵੇਗੀ।”
3 ਯਹੋਵਾਹ ਇਹ ਫ਼ੁਰਮਾਉਂਦਾ ਹੈ: “ਮੈਂ ਦੰਮਿਸਕ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਸਜ਼ਾ ਦੇਵਾਂਗਾ। ਉਨ੍ਹਾਂ ਨੇ ਗਿਲਆਦ ਦੇ ਲੋਕਾਂ ਨੂੰ ਲੋਹੇ ਦੇ ਹਬਿਆਰਾਂ ਨਾਲ ਮਸਲਿਆ।
4 ਇਸ ਲਈ ਮੈਂ ਹਮਾਏਲ ਦੇ ਘਰ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਨ-ਹਦਦ ਦੇ ਸਾਰੇ ਮਹਿਲਾਂ ਨੂੰ ਤਬਾਹ ਕਰ ਦੇਵੇਗੀ।
5 “ਮੈਂ ਦੰਮਿਸਕ ਦੇ ਫ਼ਾਟਕਾਂ ਵਿੱਚਲੇ ਸਰੀਆਂ ਨੂੰ ਭੰਨ ਸੁੱਟਾਂਗਾ ਅਤੇ ਮੈਂ ਆਵਨ ਦੀ ਵਾਦੀ ਦੇ ਰਾਜੇ ਨੂੰ ਅਤੇ ਬੈਤ-ਅਦਨ ਤੋਂ ਸੱਤਾ ਦੇ ਪ੍ਰਤੀਕ ਨੂੰ ਹਟਾਅ ਦੇਵਾਂਗਾ। ਅਰਾਮ ਦੇ ਲੋਕ ਹਰਾਏ ਜਾਣਗੇ ਅਤੇ ਕੀਰ ਵੱਲ ਜਲਾਵਤਨੀ ਕਰ ਦਿੱਤੇ ਜਾਣਗੇ। ਯਹੋਵਾਹ ਨੇ ਇਹ ਗੱਲਾਂ ਆਖੀਆਂ।”
ਫ਼ਲਿਸਤੀਆਂ ਲਈ ਸਜ਼ਾ
6 ਯਹੋਵਾਹ ਨੇ ਇਹ ਆਖਿਆ: “ਮੈਂ ਅੱਜ਼ਾਹ੍ਹ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਕਿਉਂ ਕਿ ਉਹ ਸਾਰੀ ਉੱਮਤ ਨੂੰ ਅਸੀਰ ਕਰਕੇ ਅਦੋਮ ’ਚ ਲੈ ਗਏ।
7 ਇਸ ਲਈ ਮੈਂ ਅਹ੍ਹਾਜ਼ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਅੱਜ਼ਾਹ੍ਹ ਦੇ ਕਿਲ੍ਹਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
8 ਅਤੇ ਮੈਂ ਅਸ਼ਦੋਦ ਦੇ ਪਾਤਸ਼ਾਹ ਨੂੰ ਅਤੇ ਅਸ਼ਕਲੋਨ ਦੇ ਸ਼ਾਸ਼ਕ ਨੂੰ ਨਸ਼ਟ ਕਰ ਦੇਵਾਂਗਾ। ਮੈਂ ਅਕਰੋਨ ਦੇ ਲੋਕਾਂ ਨੂੰ ਵੀ ਸਜਾ ਦੇਵਾਂਗਾ ਤਾਂ ਫ਼ਿਰ ਬਚੇ ਹੋਏ ਫ਼ਲਿਸਤੀਨੀ ਮਰ ਜਾਣਗੇ।” ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ।
ਫ਼ੀਨੀਸ਼ ਲਈ ਸਜ਼ਾ
9 ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਸੂਰ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਦੰਡਿਤ ਕਰਾਂਗਾ ਉਨ੍ਹਾਂ ਨੇ ਪੂਰੀ ਕੌਮ ਨੂੰ ਗੁਲਾਮ ਬਣਾ ਕੇ ਅਦੋਮ ਦੇ ਹਵਾਲੇ ਕੀਤਾ। ਉਹ ਆਪਣੇ ਭਰਾਵਾਂ ਨਾਲ ਕੀਤਾ ਕੌਲ ਭੁੱਲ ਗਏ।
10 ਇਸ ਲਈ ਮੈਂ ਸੂਰ ਦੀ ਕੰਧ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਉੱਥੋਂ ਦੇ ਸਾਰੇ ਕਿਲ੍ਹਿਆਂ ਨੂੰ ਸਾੜ ਦੇਵੇਗੀ।”
ਅਦੋਮੀਆਂ ਲਈ ਸਜ਼ਾ
11 ਯਹੋਵਾਹ ਨੇ ਇਹ ਇਕਰਾਰ ਕੀਤਾ: “ਮੈਂ ਅਦੋਮੀਆਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਅਦੋਮ ਨੇ ਆਪਣੇ ਭਰਾ ਦਾ ਤਲਵਾਰ ਨਾਲ ਪਿੱਛਾ ਕੀਤਾ ਅਤੇ ਉਸ ਤੇ ਕੋਈ ਰਹਿਮ ਨਾ ਕੀਤਾ ਸਗੋਂ ਅਦੋਮ ਦਾ ਕਰੋਧ ਸਦਾ ਲਈ ਜਾਰੀ ਰਿਹਾ ਉਹ ਹਮੇਸ਼ਾ ਵਾਸਤੇ ਗੁੱਸੇ ਰਿਹਾ।
12 ਇਸ ਲਈ ਮੈਂ ਤੇਮਾਨ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਾਸਰਾਹ ਦੇ ਕਿਲਿਆਂ ਨੂੰ ਤਬਾਹ ਕਰ ਦੇਵੇਗੀ।”
ਅਮੋਨੀਆਂ ਲਈ ਸਜ਼ਾ
13 ਯਹੋਵਾਹ ਨੇ ਇਉਂ ਫ਼ੁਰਮਾਇਆ: “ਮੈਂ ਅਮੋਨ ਦੇ ਲੋਕਾਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਦੰਡ ਦਾ ਭਾਗੀ ਬਣਾਵਾਂਗਾ। ਕਿਉਂ ਕਿ ਉਨ੍ਹਾਂ ਨੇ ਗਿਲਆਦ ਵਿੱਚ ਗਰਭਵਤੀ ਔਰਤਾਂ ਨੂੰ ਵੱਢਿਆ। ਇਹ ਸਭ ਜ਼ੁਲਮ ਉਨ੍ਹਾਂ ਨੇ ਆਪਣੇ ਰਾਜ ਨੂੰ ਵਿਸ਼ਾਲ ਕਰਨ ਲਈ ਅਤੇ ਉਨ੍ਹਾਂ ਦੀ ਜ਼ਮੀਨ ਹਬਿਆਉਣ ਲਈ ਕੀਤਾ।
14 ਇਸੇ ਲਈ, ਮੈਂ ਰੱਬਾਹ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਇਸਦੇ ਕਿਲਿਆਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਦੇਸ਼ ਉੱਤੇ ਅਚਾਨਕ, ਜੰਗ ਦੇ ਸਮੇਂ ਤੁਰ੍ਹੀ ਦੀ ਆਵਾਜ਼ ਦੀ ਤਰ੍ਹਾਂ ਜਾਂ ਤੂਫ਼ਾਨ ਵਿੱਚਲੀ ਹਵਾ ਦੀ ਤਰ੍ਹਾਂ ਮੁਸੀਬਤਾਂ ਆਉਣਗੀਆਂ।
15 ਫ਼ਿਰ ਉਨ੍ਹਾਂ ਦੇ ਪਾਤਸ਼ਾਹ ਅਤੇ ਆਗੂ ਬੰਦੀ ਬਣਾਏ ਜਾਣਗੇ। ਉਨ੍ਹਾਂ ਸਭਨਾਂ ਨੂੰ ਇਕੱਠਿਆਂ ਅਮੀਰ ਕੀਤਾ ਜਾਵੇਗਾ।” ਯਹੋਵਾਹ ਨੇ ਇਵੇਂ ਆਖਿਆ।